ਅਜਨਾਲਾ ਵਿਖੇ ਟਰੱਕ ਵਲੋਂ ਫੇਟ ਮਾਰਨ ਨਾਲ ਇਕ ਵਿਅਕਤੀ ਦੀ ਦਰਦਨਾਕ ਮੌਤ
ਅਜਨਾਲਾ, 3 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਦੇਰ ਸ਼ਾਮ ਅਜਨਾਲਾ ਸ਼ਹਿਰ ਦੇ ਚੁਗਾਵਾਂ ਰੋਡ ਉਤੇ ਇਕ ਟਰੱਕ ਵਲੋਂ ਫੇਟ ਮਾਰਨ ਨਾਲ ਗਰੀਬ ਪਰਿਵਾਰ ਨਾਲ ਸੰਬੰਧਤ ਇਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਇਸ ਮੌਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਆਕਾਸ਼ਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਪੰਜੂਕਲਾਲ ਨੇ ਦੱਸਿਆ ਕਿ ਉਸ ਦਾ ਚਾਚਾ ਕਾਲਾ ਸਿੰਘ ਹਰੀਕੇ ਪੱਤਣ ਵਿਖੇ ਦਰਿਆ ’ਤੇ ਪੱਥਰ ਲਗਾਉਣ ਦਾ ਕੰਮ ਕਰਦਾ ਸੀ ਤੇ ਅੱਜ ਦੇਰ ਸ਼ਾਮ ਹਰੀਕੇ ਪੱਤਣ ਤੋਂ ਇਕ ਮਹੀਨੇ ਬਾਅਦ ਆਪਣੇ ਘਰ ਨੂੰ ਆ ਰਿਹਾ ਸੀ ਕਿ ਜਦੋਂ ਉਹ ਅਜਨਾਲਾ ਸ਼ਹਿਰ ਦੇ ਚੌਕ ਤੋਂ ਥੋੜ੍ਹੀ ਦੂਰ ਚੁਗਾਵਾਂ ਰੋਡ ’ਤੇ ਪਹੁੰਚਿਆ ਤਾਂ ਇਕ ਟਰੱਕ ਨੇ ਉਸਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਉਹ ਸੜਕ ’ਤੇ ਡਿੱਗ ਪਿਆ।
ਆਕਾਸ਼ਦੀਪ ਸਿੰਘ ਨੇ ਦੱਸਿਆ ਕਿ ਸੜਕ ’ਤੇ ਡਿੱਗਣ ਕਾਰਨ ਚਾਚਾ ਕਾਲਾ ਸਿੰਘ ਦੇ ਸਿਰ ’ਤੇ ਗੰਭੀਰ ਸੱਟ ਲੱਗ ਗਈ ਤੇ ਉਹ ਮੌਕੇ ’ਤੇ ਹੀ ਦਮ ਤੋੜ ਗਿਆ। ਉਨ੍ਹਾਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਕਾਲਾ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਟਰੱਕ ਡਰਾਈਵਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਧਰ ਇਸ ਸੜਕ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਅਜਨਾਲਾ ਤੋਂ ਮੌਕੇ ’ਤੇ ਪਹੁੰਚੇ ਏ.ਐਸ.ਆਈ. ਬਲਦੇਵ ਰਾਜ ਨੇ ਦੱਸਿਆ ਕਿ ਟਰੱਕ ਨੂੰ ਕਬਜ਼ੇ ’ਚ ਲੈ ਕੇ ਥਾਣਾ ਅਜਨਾਲਾ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਟਰੱਕ ਚਾਲਕ ਨੂੰ ਵੀ ਹਿਰਾਸਤ ’ਚ ਲੈ ਲਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮ੍ਰਿਤਕ ਕਾਲਾ ਸਿੰਘ ਦੇ ਪਰਿਵਾਰਕ ਮੈਂਬਰ ਜੋ ਵੀ ਬਿਆਨ ਲਿਖਾਉਣਗੇ, ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
;
;
;
;
;
;
;