ਨਹਿਰ ਕਿਨਾਰੇ ਜੰਗਲੀ ਇਲਾਕੇ ’ਚੋਂ 13 ਦਿਨਾਂ ਬਾਅਦ ਨੌਜਵਾਨ ਦੀ ਲਾਸ਼ ਮਿਲੀ
ਮਾਛੀਵਾੜਾ ਸਾਹਿਬ, 18 ਫਰਵਰੀ (ਰਾਜਦੀਪ ਸਿੰਘ ਅਲਬੇਲਾ) - ਮਾਛੀਵਾੜਾ ਨੇੜੇ ਸਰਹਿੰਦ ਨਹਿਰ ਜੰਗਲੀ ਖੇਤਰ ਵਿਚੋਂ 13 ਦਿਨਾਂ ਤੋਂ ਲਾਪਤਾ ਸਮਰਾਲਾ ਦਾ ਨਿਵਾਸੀ ਨੌਜਵਾਨ ਕਰਨਵੀਰ ਸਿੰਘ ਦੀ ਲਾਸ਼ ਮਿਲੀ ਹੈ । ਜਾਣਕਾਰੀ ਅਨੁਸਾਰ ਨੌਜਵਾਨ ਦੀ ਮਾਤਾ ਅੰਮ੍ਰਿਤਪਾਲ ਕੌਰ ਵਲੋਂ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ ਕਿ ਉਸ ਦਾ ਪੁੱਤਰ ਕਰਨਵੀਰ ਸਿੰਘ ਬੀਤੀ 5 ਫਰਵਰੀ ਤੋਂ ਗੁੰਮ ਹੋ ਗਿਆ ਹੈ। ਗੁੰਮਸ਼ੁਦਗੀ ਰਿਪੋਰਟ ਦਰਜ ਕਰਨ ਤੋਂ ਬਾਅਦ ਨੌਜਵਾਨ ਦੀ ਭਾਲ ਜਾਰੀ ਸੀ। ਮੋਬਾਈਲ ਦੀਆਂ ਲੋਕੇਸ਼ਨਾਂ ਅਤੇ ਸੀ.ਸੀ.ਟੀ.ਵੀ. ਫੁਟੇਜ ਤੋਂ ਪਤਾ ਲੱਗਾ ਕਿ ਇਹ ਨੌਜਵਾਨ ਆਪਣੇ ਦੋਸਤਾਂ ਨਾਲ ਖਮਾਣੋਂ ਗਿਆ ਸੀ ਜਿਸ ਤੋਂ ਬਾਅਦ ਲਾਪਤਾ ਹੋ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਨਸ਼ਾ ਕਰਨ ਦਾ ਆਦੀ ਸੀ ਜੋ 1 ਸਾਲ ਨਸ਼ਾ ਛੁਡਾਓ ਕੇਂਦਰ ਵਿਚ ਵੀ ਦਾਖ਼ਲ ਰਿਹਾ ਜੋ ਕੁਝ ਦਿਨ ਪਹਿਲਾਂ ਹੀ ਬਾਹਰ ਆਇਆ ਸੀ।
ਪਰਿਵਾਰ ਤੇ ਪੁਲਿਸ ਵਲੋਂ ਜਦੋਂ ਉਸਦੇ ਸਾਥੀਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਇਕ ਨੇ ਜਾਣਕਾਰੀ ਦਿੱਤੀ ਕਿ ਉਸ ਦੀ ਮੌਤ ਹੋ ਗਈ ਸੀ ਤੇ ਉਸ ਦੀ ਲਾਸ਼ ਸਰਹਿੰਦ ਨਹਿਰ ਕਿਨਾਰੇ ਜੰਗਲੀ ਖੇਤਰ ਵਿਚ ਸੁੱਟ ਦਿੱਤੀ ਹੈ। ਪਰਿਵਾਰਕ ਮੈਂਬਰ 2 ਦਿਨ ਤੋਂ ਲਾਸ਼ ਦੀ ਤਲਾਸ਼ ਕਰ ਰਹੇ ਸਨ ਕਿ ਅੱਜ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਜੰਗਲੀ ਖੇਤਰ ’ਚੋਂ ਬਹੁਤ ਬਦਬੂ ਆ ਰਹੀ ਹੈ ਅਤੇ ਇਕ ਵਿਅਕਤੀ ਦੀ ਲਾਸ਼ ਪਈ ਹੈ। ਪੁਲਿਸ ਤੇ ਪਰਿਵਾਰਕ ਮੈਂਬਰ ਜਦੋਂ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਇਹ ਲਾਸ਼ ਕਰਨਵੀਰ ਸਿੰਘ ਦੀ ਸੀ ਜੋ ਕਿ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਸੀ। ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਕਿ ਨੌਜਵਾਨ ਕਰਨਵੀਰ ਸਿੰਘ ਨੂੰ ਕਤਲ ਕੀਤਾ ਗਿਆ ਹੈ ਜਾਂ ਉਸ ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਮਾਰਿਆ ਗਿਆ ਹੈ। ਇਸ ਲਈ ਪੁਲਿਸ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਥਾਣਾ ਮੁਖੀ ਸਮਰਾਲਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਤਲ ਦਾ ਅਸਲ ਕਾਰਨ ਕੀ ਹੈ।
;
;
;
;
;
;
;
;