ਥਾਣੇ ਅੰਦਰ ਗੁੰਡਾਗਰਦੀ , ਦੂਜੀ ਧਿਰ ਦੇ 3 ਵਿਅਕਤੀ ਜ਼ਖ਼ਮੀ
ਮਾਛੀਵਾੜਾ ਸਾਹਿਬ, 18 ਫਰਵਰੀ (ਰਾਜਦੀਪ ਸਿੰਘ ਅਲਬੇਲਾ) - ਸਥਾਨਕ ਥਾਣਾ ਵਿਖੇ ਨਿਹੰਗ ਸਿੰਘਾਂ ਦੇ ਬਾਣੇ 'ਚ ਆਏ ਵਿਅਕਤੀਆਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਦੂਜੀ ਧਿਰ ’ਤੇ ਕਿਰਪਾਨਾਂ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਕੇ 3 ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ ਜੋ ਕਿ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਪਿੰਡ ਭੱਟੀਆਂ ਦੇ ਵਾਸੀ ਰਵਿੰਦਰ ਸਿੰਘ ਉਰਫ਼ ਬਿੰਦਾ ਅਤੇ ਅਮਨਜੋਤ ਸਿੰਘ ਨੇ ਕੱਲ੍ਹ ਪਿੰਡ ਇਰਾਕ ਵਿਖੇ ਇਕ ਵਿਅਕਤੀ ਦੇ ਘਰ ਜਾ ਕੇ ਇੱਟਾਂ, ਰੋੜੇ ਮਾਰ ਕੇ ਹਮਲਾ ਕਰ ਦਿੱਤਾ। ਇਸ ਤੋਂ ਇਲਾਵਾ ਰਵਿੰਦਰ ਸਿੰਘ ਬਿੰਦਾ ਨੇ ਪਿੰਡ ਦੇ ਇਕ ਵਿਅਕਤੀ ਨਿਰਭੈ ਸਿੰਘ ਨੂੰ ਵੀ ਜ਼ਖ਼ਮੀ ਕੀਤਾ ਜੋ ਕਿ ਹਸਪਤਾਲ ਵਿਚ ਇਲਾਜ ਅਧੀਨ ਹੈ। ਉਨ੍ਹਾਂ ਕਿਹਾ ਕਿ ਦੂਜੀ ਧਿਰ ਜਿਨ੍ਹਾਂ ਉੱਪਰ ਹਮਲਾ ਹੋਇਆ ਉਹ ਮਾਛੀਵਾੜਾ ਥਾਣਾ ਵਿਖੇ ਸ਼ਿਕਾਇਤ ਦਰਜ ਕਰਵਾਉਣ ਆਏ ਹੋਏ ਸਨ ਕਿ ਉਨ੍ਹਾਂ ਨੇ ਕਿਰਪਾਨਾਂ ਕੱਢ ਕੇ ਇਨ੍ਹਾਂ ਉੱਪਰ ਹਮਲਾ ਕਰ ਦਿੱਤਾ। ਇਸ ਲੜਾਈ ਵਿਚ ਪਰਮਿੰਦਰ ਸਿੰਘ, ਕਮਲਜੀਤ ਸਿੰਘ ਅਤੇ ਤੇਜਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਪੁਲਿਸ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਪਿਸਤੌਲ ਵੀ ਬਰਾਮਦ ਕਰ ਲਿਆ ਹੈ। ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਨੂੰ ਸ਼ਿਕਾਇਤਕਰਤਾ ਨੇ ਦੱਸਿਆ ਕਿ ਰਵਿੰਦਰ ਸਿੰਘ ਬਿੰਦਾ ਅਤੇ ਅਮਨਜੋਤ ਸਿੰਘ ਨਸ਼ਾ ਵੇਚਦੇ ਹਨ ਅਤੇ ਇਸ ਦਾ ਸੇਵਨ ਵੀ ਕਰਦੇ ਹਨ। ਇਨ੍ਹਾਂ ਵਲੋਂ ਨਾਜਾਇਜ਼ ਕਬਜ਼ਾ ਕਰ ਕੇ ਸੜਕ ’ਤੇ ਝੌਂਪੜੀ ਪਾਈ ਹੋਈ ਹੈ। ਇਹ ਲੋਕਾਂ ਨੂੰ ਪਿੰਡਾਂ ਵਿਚ ਜਾ ਕੇ ਡਰਾਉਂਦੇ ਤੇ ਧਮਕਾਉਂਦੇ ਹਨ , ਜਿਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
;
;
;
;
;
;
;
;