19-02-26
ਘੱਟ ਰਹੀ ਹੈ ਵਾਹੀਯੋਗ ਜ਼ਮੀਨ
ਪੰਜਾਬ ਦੀ ਦਿਸ਼ਾ ਤੇ ਦਸ਼ਾ ਦਿਨੋ-ਦਿਨ ਬਦਲ ਰਹੀ ਹੈ। ਪਿਛਲੇ ਸਮੇਂ ਤੇ ਅੱਜ ਦੇ ਸਮੇਂ ਵਿਚ ਬਹੁਤ ਫਰਕ ਪੈ ਗਿਆ ਹੈ। ਪੰਜਾਬ ਵਿਚ ਪੰਜਾਬੀਆਂ ਦੀ ਜੀਵਨ ਸ਼ੈਲੀ ਬਦਲ ਰਹੀ ਹੈ। ਸਾਡੇ ਖਾਣਿਆਂ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਪੈ ਗਿਆ ਹੈ। ਫਾਸਟ-ਫੂਡ ਨੇ ਤਾਂ ਸਧਾਰਨ ਖਾਣੇ ਨੂੰ ਖੂੰਝੇ ਹੀ ਲਗਾ ਦਿੱਤਾ ਹੈ। ਪੰਜਾਬੀ ਸਾਧਾਰਨ ਖਾਣੇ ਨੂੰ ਤਾਂ ਜਗ੍ਹਾ ਹੀ ਨਹੀਂ ਮਿਲਦੀ। ਦੂਜੇ ਪਾਸੇ ਖੇਤੀ ਵਿਚ ਬਹੁਤ ਅੰਤਰ ਆ ਗਿਆ ਹੈ, ਮਸ਼ੀਨਰੀ ਨੇ ਖੇਤੀ ਸੈਕਟਰ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ। ਥੋੜ੍ਹੇ ਸਮੇਂ ਵਿਚ ਖੇਤ ਵਿਚੋਂ ਕਈ ਫ਼ਸਲਾਂ ਲੈ ਲੈਂਦੇ ਹਾਂ। ਦਿਨੋ-ਦਿਨ ਵਾਹੀ ਯੋਗ ਖੇਤੀ ਘਟ ਰਹੀ ਹੈ। ਖੇਤੀ ਪ੍ਰਧਾਨ ਸੂਬੇ ਪੰਜਾਬ ਦੇ ਖੇਤਾਂ ਵਿਚ ਲਗਾਤਾਰ ਕੰਕਰੀਟ ਦੀ ਫ਼ਸਲ ਉੱਗ ਰਹੀ ਹੈ। ਬਾਗਾਂ ਦੀ ਜਗ੍ਹਾ ਆਊਟਲੈੱਟ ਨਵੀਆਂ ਰਿਹਾਇਸ਼ੀ ਕਾਲੋਨੀਆਂ ਉਸਾਰੀਆਂ ਜਾ ਰਹੀਆਂ ਹਨ। ਵੱਡੇ ਸ਼ਹਿਰਾਂ ਨਾਲ ਲਗਦੀਆਂ ਜ਼ਮੀਨਾਂ ਵਿਚ ਮਹਿੰਗੇ ਭਾਅ ਲੈ ਕੇ ਫੈਕਟਰੀਆਂ, ਰਿਹਾਇਸ਼ੀ ਕਲੋਨੀਆਂ ਬਣ ਰਹੀਆਂ ਹਨ। ਪਿਛਲੇ 20 ਸਾਲਾਂ ਵਿਚ 35/40 ਫ਼ੀਸਦੀ ਦੇ ਨੇੜੇ ਜ਼ਮੀਨ ਵਪਾਰਕ ਵਰਤੋਂ ਵਿਚ ਬਦਲ ਗਈ ਹੈ। ਮੁਹਾਲੀ ਦੇ ਨੇੜੇ ਸਾਰੇ ਪਿੰਡ ਹੌਲੀ-ਹੌਲੀ ਮੁਹਾਲੀ ਵਿਚ ਸਮਾਅ ਰਹੇ ਹਨ। ਵਾਹੀਯੋਗ ਘੱਟ ਰਹੀ ਜ਼ਮੀਨ ਕੋਈ ਅੰਨ ਸੁਰੱਖਿਆ ਲਈ ਖ਼ਤਰਾ ਹੈ। ਵਾਹੀ ਯੋਗ ਜ਼ਮੀਨਾਂ 'ਤੇ ਕੁਹਾੜਾ ਚੱਲ ਰਿਹਾ ਹੈ। ਸਾਡੇ ਜਨ-ਜੀਵਨ ਤੇ ਤਬਦੀਲੀ ਦਾ ਗਹਿਰਾ ਅਸਰ ਵੇਖਣ ਨੂੰ ਮਿਲੇਗਾ।
-ਰਾਮ ਸਿੰਘ ਪਾਠਕ।
ਡੇਅਰੀਆਂ ਦੀ ਹੋਵੇ ਜਾਂਚ
7 ਫਰਵਰੀ ਨੂੰ ਪੰਨਾ ਨੰਬਰ 9 ਉੱਪਰ ਪੰਜਾਬ ਵਿਚ ਪਿਛਲੇ ਕੁਝ ਸਾਲਾਂ 'ਚ ਸਾਢੇ ਸੱਤ ਲੱਖ ਤੋਂ ਵੱਧ ਦਾ ਰੂਪ ਪਸ਼ੂਆਂ ਬਗੈਰ ਸੁੰਨੀਆਂ ਹੋਈਆਂ ਖੁਰਲੀਆਂ ਪਰ ਦੁੱਧ ਦੀਆਂ ਫਿਰ ਵੀ ਪੌ ਬਾਰਾਂ ਸਿਰਲੇਖ ਹੇਠ ਰਿਪੋਰਟ ਪੜ੍ਹੀ। ਪੱਤਰਕਾਰ ਸਤਪਾਲ ਸਿੰਘ ਸਿਵੀਆਂ ਨੇ ਰਿਪੋਰਟ ਵਿਚ ਇਕ ਅਹਿਮ ਮੁੱਦਾ ਉਭਾਰਿਆ ਹੈ। ਇਹ ਸੋਚਣ ਵਾਲੀ ਗੱਲ ਹੈ ਕਿ ਸਾਢੇ ਸੱਤ ਲੱਖ ਪਸ਼ੂ ਘਟਣ 'ਤੇ ਵੀ ਪੰਜਾਬ ਵਿਚ ਦੁੱਧ ਕਿਵੇਂ ਪੂਰਾ ਕੀਤਾ ਜਾ ਰਿਹਾ ਹੈ? ਕੁਝ ਦਹਾਕੇ ਪਹਿਲਾਂ ਦੋਧੀਆਂ ਵਲੋਂ ਪਿੰਡਾਂ ਵਿਚੋਂ ਦੁੱਧ ਲਿਆ ਕੇ ਸ਼ਹਿਰਾਂ ਵਿਚ ਪਾਇਆ ਜਾਂਦਾ ਸੀ। ਪਰ ਹੁਣ ਪਿੰਡਾਂ ਵਿਚ ਵੀ ਦੁੱਧ ਦੀ ਮੰਗ ਵਧ ਰਹੀ ਹੈ। ਕਿਉਂਕਿ ਲੋਕਾਂ ਵਿਚ ਪਸ਼ੂ ਰੱਖਣ ਦਾ ਰੁਝਾਨ ਦਿਨੋ-ਦਿਨ ਖਤਮ ਹੋ ਰਿਹਾ ਹੈ। ਰਿਪੋਰਟ ਦੱਸਦੀ ਹੈ ਕਿ ਮੱਝਾਂ ਦੀ ਗਿਣਤੀ 5 ਲੱਖ 22 ਘੱਟ ਹੋਈ ਹੈ ਜਦੋਂ ਕਿ ਗਾਵਾਂ ਦੀ ਗਿਣਤੀ 2 ਲੱਖ 32 ਹਜ਼ਾਰ ਘਟੀ ਹੈ। ਇਹ ਇਕ ਚਿੰਤਾ ਦਾ ਵਿਸ਼ਾ ਹੈ। ਉਸ ਤੋਂ ਵੀ ਦੁੱਖ ਦੀ ਗੱਲ ਇਹ ਹੈ ਕਿ ਸ਼ਹਿਰਾਂ ਵਿਚ ਧੜਾ-ਧੜ ਖੁੱਲ ਰਹੀਆਂ ਡੇਅਰੀਆਂ ਦੀ ਕਿਸੇ ਵੀ ਵਿਭਾਗ ਵਲੋਂ ਚੈਕਿੰਗ ਨਹੀਂ ਕੀਤੀ ਜਾਂਦੀ।
-ਫਤਿਹਵੀਰ ਸਿੰਘ
ਮੁਲਤਾਨੀਆ ਰੋਡ ਬਠਿੰਡਾ।
ਬੱਚਿਆਂ ਵਿਚ ਬੇਸਬਰੀ
ਅੱਜਕੱਲ੍ਹ ਬੱਚਿਆਂ ਵਿਚ ਬੇਸਬਰੀ ਬਹੁਤ ਵਧ ਰਹੀ ਹੈ। ਤੁਰੰਤ ਨਤੀਜੇ, ਮੋਬਾਈਲ ਅਤੇ ਡਿਜੀਟਲ ਮਾਹੌਲ ਨੇ ਉਨ੍ਹਾਂ ਦੀ ਸਹਿਣਸ਼ੀਲਤਾ ਨੂੰ ਕਮਜ਼ੋਰ ਕੀਤਾ ਹੈ। ਛੋਟੀ ਗੱਲ 'ਤੇ ਗੁੱਸਾ, ਰੋਣਾ ਜਾਂ ਹੌਸਲਾ ਹਾਰ ਜਾਣਾ ਇਸ ਦੇ ਆਮ ਲੱਛਣ ਹਨ। ਇਸ ਸਮੱਸਿਆ ਦਾ ਹੱਲ ਸਖ਼ਤੀ ਨਹੀਂ, ਸਗੋਂ ਹਮਦਰਦੀ ਹੈ। ਮਾਪਿਆਂ ਨੂੰ ਬੱਚਿਆਂ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਅਤੇ ਗਲਤੀਆਂ 'ਤੇ ਡਾਂਟ ਦੀ ਥਾਂ ਸਮਝਾਉਣਾ ਚਾਹੀਦਾ ਹੈ। ਘਰ ਵਿਚ ਪਿਆਰ, ਅਨੁਸ਼ਾਸਨ ਅਤੇ ਸ਼ਾਂਤ ਮਾਹੌਲ ਬਣਾਉਣਾ ਬਹੁਤ ਜ਼ਰੂਰੀ ਹੈ। ਅਧਿਆਪਕ ਵੀ ਕਲਾਸਰੂਮ ਵਿਚ ਪਿਆਰ ਅਤੇ ਸਮਝਦਾਰੀ ਨਾਲ ਪੇਸ਼ ਆਉਣ। ਬੱਚਿਆਂ ਨੂੰ ਸਮਾਂ ਦੇਣਾ, ਹੌਸਲਾ ਅਫ਼ਜ਼ਾਈ ਕਰਨੀ ਅਤੇ ਨਾਕਾਮੀ ਨੂੰ ਸਿੱਖਣ ਦਾ ਮੌਕਾ ਬਣਾਉਣਾ ਚਾਹੀਦਾ ਹੈ। ਜਦ ਮਾਪੇ ਤੇ ਅਧਿਆਪਕ ਮਿਲ ਕੇ ਹਮਦਰਦੀ ਨਾਲ ਮਾਰਗਦਰਸ਼ਨ ਕਰਦੇ ਹਨ, ਤਾਂ ਬੱਚਿਆਂ ਵਿਚ ਸਹਿਣਸ਼ੀਲਤਾ ਅਤੇ ਆਤਮ-ਨਿਯੰਤਰਣ ਵਿਕਸਿਤ ਹੁੰਦਾ ਹੈ।
-ਰਾਜ ਕੁਮਾਰ ਖੰਨਾ
(ਐੱਮ.ਏ.,ਐੱਮ.ਫਿਲ.)
ਸਿਹਤ ਨਾਲ ਖਿਲਵਾੜ ਰੋਕੋ
ਪੁਰਾਣੇ ਸਮਿਆਂ ਵਿਚ ਖਾਣ-ਪੀਣ ਦੀਆਂ ਚੀਜ਼ਾਂ, ਲੋੜੀਂਦੇ ਕੱਪੜੇ ਲੀੜੇ, ਰੋਗਾਂ ਤੋਂ ਬਚਣ ਲਈ ਡਾਕਟਰੀ ਦਵਾਈ ਆਦਿ ਦੇ ਖ਼ਾਸ ਬੰਦੋਬਸਤ ਨਹੀਂ ਹੁੰਦੇ ਸਨ। ਲੋਕ ਖਾਣ ਵਾਲੀਆਂ ਚੀਜ਼ਾਂ ਨੂੰ ਵੇਖ ਕੇ, ਸੁੰਘ ਕੇ, ਚੱਖ ਕੇ ਹੀ ਉਨ੍ਹਾਂ ਦੇ ਖਰਾਬ ਜਾਂ ਸਹੀ ਹੋਣ ਦੀ ਆਪੇ ਪੁਸ਼ਟੀ ਕਰ ਲੈਂਦੇ ਸਨ। ਬਿਮਾਰੀਆਂ ਤੋਂ ਬਚਣ ਲਈ ਬਹੁਤ ਸਾਰੇ ਨੁਸਖ਼ੇ ਘਰਾਂ ਵਿਚ ਹੀ ਹੁੰਦੇ ਸਨ। ਸੋਏ, ਸੌਂਫ਼, ਮੈਥੇ, ਸਰ੍ਹੋਂ, ਧਨੀਆ, ਅਜਵਾਇਣ, ਕਾਲੀ ਮਿਰਚ, ਸੁੰਢ, ਹਲਦੀ, ਗੁਲਕੰਦ, ਗੁੜ, ਸ਼ਹਿਦ, ਫਟਕੜੀ ਆਦਿ ਨਾਲ ਲੋਕੀਂ ਕਾਫੀ ਰੋਗਾਂ ਦਾ ਇਲਾਜ ਕਰ ਲੈਂਦੇ ਸਨ। ਪਰ ਅੱਜ ਹਰੇਕ ਛੋਟੀ ਤੋਂ ਛੋਟੀ ਚੀਜ਼ ਬਾਜ਼ਾਰੋਂ ਹੀ ਲੈਣੀ ਪੈਂਦੀ ਹੈ। ਸਭ ਕੁਝ ਪੈਕਿੰਗ ਵਿਚ ਮਿਲਦਾ ਹੈ। ਉੱਪਰ ਛਪੇ ਹੋਏ ਪੈਸੇ ਦੇਣੇ ਹੀ ਪੈਂਦੇ ਹਨ।
-ਗੁਰਚਰਨ ਸਿੰਘ
ਪਿੰਡ ਮਜਾਰਾ, ਨਵਾਂਸ਼ਹਿਰ।
ਹਰਿਆਲੀ ਨੂੰ ਸੰਭਾਲਣਾ ਜ਼ਰੂਰੀ
ਹਰਿਆਲੀ ਨੂੰ ਸੰਭਾਲਣਾ ਮਨੁੱੱਖਤਾ ਦੀ ਜ਼ਿੰਮੇਵਾਰੀ ਹੈ ਪਰ ਅਫ਼ਸੋਸ ਅਸੀਂ ਇਸ ਨੂੰ ਕਿਸ ਹੱਦ ਤਕ ਨਿਭਾਅ ਰਹੇ ਹਾਂ। ਜਿਸ ਕੁਦਰਤ ਨੇ ਰੁੱਖਾਂ 'ਤੇ ਬਨਸਪਤੀ ਰਾਹੀਂ ਬੰਦੇ ਨੂੰ ਜੀਵਨ ਦੀ ਡੋਰ ਆਕਸੀਜਨ ਆਦਿ ਬਿਨਾਂ ਕਿਸੇ ਕੀਮਤ ਦੇ ਬਖ਼ਸ਼ੀ ਹੈ ਪਰ ਇਸ ਦੇ ਉਲਟ ਅਸੀਂ ਬੇ-ਧਿਆਨੇ ਤੇ ਲਾਪ੍ਰਵਾਹੀ ਨਾਲ ਰੁੱਖਾਂ ਦਾ ਘਾਣ ਕਰਨ ਲਈ ਕੁਹਾੜਾ ਬਣਦੇ ਹਾਂ। ਰੁੱਖਾਂ ਦਾ ਇਕ ਪੱਤਾ ਵੀ ਕੋਈ ਤੋੜਦਾ ਹੈ ਤਾਂ ਫਰਿਆਦ ਪ੍ਰਮਾਤਮਾ ਦੀ ਦਰਗਾਹ ਤੀਕਰ ਪਹੁੰਚਦੀ ਏ। ਕਿਉਂਕਿ
'ਰੁੱਖ ਨੇ ਹੁੰਦੇ ਪੁੱਤਰਾਂ ਵਰਗੇ,
ਮਾਵਾਂ ਵਰਗੀਆਂ ਛਾਵਾਂ।
ਕੁਦਰਤ ਦੇ ਨਾਲ ਛੱਡੋ ਲੜਨਾ
ਸੱਚੀ ਗੱਲ ਬੁਝਾਵਾਂ।
ਲੱਕੜੀ ਫਲ, ਫੁੱਲ ਦੇਣ ਬੜਾ ਕੁਝ
ਕਦੇ ਗਿਲਾ ਨਾ ਕਰਦੇ।
ਕਿਉਂ ਅਕ੍ਰਿਤਘਣ ਬਣੀਏਂ 'ਹੇਰਾਂ'
ਸੌ ਦੀ ਇਕ ਸੁਣਾਵਾਂ।
ਸਨਿਮਰ ਬੇਨਤੀ ਹੈ ਕਿ 'ਚਿਪਕੋ ਅੰਦੋਲਨ ਬਾਰੇ' ਕੋਈ ਸੰਪਾਦਕੀ ਲੇਖ ਲਿਖਿਆ ਜਾਵੇ ਜੋ ਲੋਕਾਂ ਨੂੰ ਸਮਝਾਉਣ ਲਈ ਸਮਰੱਥ ਹੋਵੇ।
-ਗੁਰਚਰਨ ਸਿੰਘ 'ਹੇਹਰ'
ਹੇਰਾਂ, (ਲੁਧਿਆਣਾ)