
ਪਟਿਆਲਾ, 21 ਫਰਵਰੀ (ਅਮਨਦੀਪ ਸਿੰਘ)- ਅੱਜ ਪਟਿਆਲਾ ਦੀ ਪੁਲਿਸ ਲਾਈਨ ਵਿਖੇ ਐਸ.ਐਸ.ਪੀ. ਪਟਿਆਲਾ ਡਾ. ਨਾਨਕ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਹੈਰੀ ਬੋਪਾਰਾਏ ਇੰਚਾਰਜ ਸਪੈਸ਼ਲ ਸੈਲ ਰਾਜਪੁਰਾ ਦੀ ਪੁਲਿਸ ਪਾਰਟੀ ਦੇ ਦੁਆਰਾ ਸੰਦੀਪ ਸਿੰਘ ਉਰਫ਼ ਦੀਪ ਮਹੱਲਾ ਜੱਟਪੁਰਾ ਤਹਿਸੀਲ ਸਰਹਿੰਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਮਲਕੀਤ ਸਿੰਘ ਉਰਫ਼ ਮੈਕਸ ਪੁੱਤਰ ਜਗਦੀਤ ਸਿੰਘ ਪਿੰਡ ਰੁਡਾਲਾ ਥਾਣਾ ਰਾਜਾ ਸਾਂਸੀ ਅੰਮ੍ਰਿਤਸਰ ਨੂੰ ਮੁਖਬਰੀ ਦੇ ਅਧਾਰ ਦੇ ਉੱਪਰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਦੇ ਕੋਲੋਂ 1300 ਨਸ਼ੀਲੀਆਂ ਗੋਲੀਆਂ ਤਿੰਨ ਪਿਸਟਲ ਪੁਆਇੰਟ 32 ਬੋਰ ਇਕ ਪਿਸਤੌਲ ਪੁਆਇੰਟ 30 ਬੋਰ, ਇਕ ਦੇਸੀ ਕੱਟਾ, 15 ਜਿੰਦਾ ਕਾਰਤੂਸ ਅਤੇ ਇਕ ਕਾਲੇ ਰੰਗ ਦੀ ਐਕਟਿਵਾ ਬਰਾਮਦ ਕੀਤੀ ਹੈ। ਇਸ ਸੰਬੰਧੀ ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਫੜੇ ਹੋਏ ਸ਼ੂਟਰਾਂ ਨੂੰ ਪੁਰਤਗਾਲ ਦੇ ਵਿਚ ਬੈਠੇ ਐਨ.ਆਈ.ਏ. ਵਲੋਂ 10 ਲੱਖ ਦੇ ਇਨਾਮੀ ਗੈਂਗਸਟਰ ਵਲੋਂ ਹੈਂਡਲ ਕੀਤਾ ਜਾਂਦਾ ਹੈ, ਜੋ ਇਨ੍ਹਾਂ ਗੈਂਗਸਟਰਾਂ ਦੇ ਇਸ਼ਾਰੇ ’ਤੇ ਟਾਰਗੇਟ ਕਿਲਿੰਗ, ਫਿਰੌਤੀ ਅਤੇ ਨਸ਼ਾ ਤਸਕਰੀ ਵਰਗੇ ਸੰਗੀਨ ਜੁਰਮਾਨ ਅੰਜ਼ਾਮ ਦਿੰਦੇ ਹਨ। ਫੜੇ ਗਏ ਸ਼ੂਟਰਾਂ ਵਲੋਂ ਕਾਰੋਬਾਰੀਆਂ ਦੇ ਠਿਕਾਣਿਆਂ ਦੀ ਰੇਕੀ ਕੀਤੀ ਜਾ ਚੁੱਕੀ ਸੀ, ਇਨ੍ਹਾਂ ਕਾਰੋਬਾਰੀਆਂ ਪਾਸੋਂ ਪੁਰਤਗਾਲ ਵਿਚ ਬੈਠੇ ਗੈਂਗਸਟਰ ਵਲੋਂ ਫਿਰੌਤੀ ਮੰਗਣ ਸੰਬੰਧੀ ਧਮਕੀ ਭਰੇ ਫੋਨ ਵੀ ਕੀਤੇ ਜਾ ਚੁੱਕੇ ਹਨ, ਜਿਸ ਸੰਬੰਧੀ ਥਾਣਾ ਰਾਜਪੁਰਾ ਵਿਖੇ ਮੁਕਦਮਾ ਨੰਬਰ 131 ਅਤੇ ਜ਼ੀਰਕਪੁਰ ਵਿਖੇ ਮੁਕੱਦਮਾ ਨੰਬਰ ਅੱਠ ਦਰਜ ਹੈ।