
ਕਪੂਰਥਲਾ, 18 ਫਰਵਰੀ (ਅਮਨਜੋਤ ਸਿੰਘ ਵਾਲੀਆ)-ਗੋਇੰਦਵਾਲ ਸਾਹਿਬ ਰੋਡ 'ਤੇ ਅਡਨਾਵਾਲੀ ਅੱਡੇ ਤੇ ਟਰੱਕ ਤੇ ਮੋਟਰਸਾਈਕਲ ਦੀ ਹੋਈ ਜ਼ਬਰਦਸਤ ਟੱਕਰ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਸਰਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਸਿਵਿਲ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਟੂ ਪੁੱਤਰ ਬਬਲੂ ਅਤੇ ਮਨੀ ਪੁੱਤਰ ਨਿਰਮਲ ਰਿਸ਼ੀ ਵਾਸੀ ਅਡਨਾਵਾਲੀ ਜੋ ਕਿ ਪਰਵੇਜ਼ ਨਗਰ ਤੋਂ ਦੇਰ ਰਾਤ ਆਪਣੇ ਘਰ ਮੋਟਰਸਾਈਕਲ 'ਤੇ ਜਾ ਰਹੇ ਸੀ ਤਾਂ ਅਡਨਾਵਾਲੀ ਅੱਡੇ 'ਤੇ ਹੀ ਟਰੱਕ ਨਾਲ ਟੱਕਰ ਹੋ ਗਈ ਜਿਸ ਕਾਰਨ ਪਿੰਟੂ ਦੀ ਮੌਤ ਹੋ ਗਈ ਜਦਕਿ ਮਨੀ ਗੰਭੀਰ ਜ਼ਖ਼ਮੀ ਹੋ ਗਿਆ। ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਤਇਨਾਤ ਡਿਊਟੀ ਡਾਕਟਰ ਅਸ਼ੀਸ਼ ਪਾਲ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿਚ ਪਿੰਟੂ ਦੀ ਮੌਤ ਹੋ ਗਈ ਹੈ ਜਦਕਿ ਮਨੀ ਦੀ ਹਾਲਤ ਗੰਭੀਰ ਹੋਣ ਕਾਰਨ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ।