
ਜੈਤੋ, 18 ਫਰਵਰੀ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) : ਜੈਤੋ-ਕੋਟਕਪੂਰਾ ਰੇਲਵੇ ਮਾਰਗ ’ਤੇ ਸਥਿਤ ਜੈਤੋ ਰਜਬਾਹੇ ਦੇ ਨਜ਼ਦੀਕ ਇਕ ਵਿਅਕਤੀ ਦੇ ਅਚਾਨਕ ਰੇਲ ਗੱਡੀ ਹੇਠਾਂ ਆਉਣ ਨਾਲ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ । ਰੇਲਵੇ ਪੁਲਿਸ ਚੌਕੀ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਅੱਜ ਦੁਪਿਹਰੇ ਕਰੀਬ 2:30 ਵਜੇ ਜੈਤੋ ਤੋਂ ਫ਼ਿਰੋਜ਼ਪੁਰ ਨੂੰ ਜਾ ਰਹੀ ਰੇਲ ਗੱਡੀ ਦੇ ਹੇਠਾਂ ਵੀਰਪਾਲ ਸਿੰਘ ਪੁੱਤਰ ਰਾਮ ਲੁਇਆ ਵਾਸੀ ਕੋਠੇ ਮਾਹਲਾ ਸਿੰਘ ਵਾਲਾ ਜਦ ਜੈਤੋ ਰਜਬਾਹੇ ਦੇ ਨਜ਼ਦੀਕ ਰੇਲਵੇ ਲਾਇਨ ਨੂੰ ਕਰਾਸ ਕਰ ਰਿਹਾ ਸੀ, ਕਿ ਉਹ ਅਚਾਨਕ ਰੇਲ ਗੱਡੀ ਹੇਠਾਂ ਆ ਗਿਆ ਤੇ ਮੌਕੇ ’ਤੇ ਹੀ ਮੌਤ ਹੋ ਗਈ। ਰੇਲ ਗੱਡੀ ਦੇ ਡਰਾਇਵਰ ਨੇ ਜੈਤੋ ਦੇ ਰੇਲਵੇ ਸਟੇਸ਼ਨ ਮਾਸਟਰ ਨੂੰ ਸੂਚਿਤ ਕੀਤਾ। ਜਿਸ ਨੇ ਰੇਲਵੇ ਪੁਲਿਸ ਚੌਕੀ ਦੇ ਇੰਚਾਰਜ ਗੁਰਮੀਤ ਸਿੰਘ ਨੂੰ ਇਤਲਾਹ ਦਿੱਤੀ ’ਤੇ ਉਹ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਕਾਰਵਾਈ ਕਰਨ ਉਪਰੰਤ ਮ੍ਰਿਤਕ ਵੀਰਪਾਲ ਸਿੰਘ ਦੀ ਲਾਸ਼ ਨੂੰ ਸਥਾਨਕ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰੱਖਵਾ ਦਿੱਤਾ।