ਅਮਿਤ ਸ਼ਾਹ ਨੇ ਭਾਰਤਪੋਲ ਪੋਰਟਲ ਕੀਤਾ ਲਾਂਚ
ਨਵੀਂ ਦਿੱਲੀ, 7 ਜਨਵਰੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿਚ ਭਾਰਤਪੋਲ ਪੋਰਟਲ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤਪੋਲ ਸਾਡੇ ਦੇਸ਼ ਦੀ ਅੰਤਰਰਾਸ਼ਟਰੀ ਜਾਂਚ ਨੂੰ ਇਕ ਨਵੇਂ ਯੁੱਗ ਵਿਚ ਲੈ ਜਾਵੇਗਾ। ਪਹਿਲਾਂ ਸੀ.ਬੀ.ਆਈ. ਇਕਲੌਤੀ ਏਜੰਸੀ ਸੀ ਜੋ ਇੰਟਰਪੋਲ ਨਾਲ ਕੰਮ ਕਰਨ ਲਈ ਮਾਨਤਾ ਪ੍ਰਾਪਤ ਸੀ, ਪਰ ਹੁਣ ਭਾਰਤਪੋਲ ਰਾਹੀਂ ਹਰ ਭਾਰਤੀ ਏਜੰਸੀ ਅਤੇ ਸਾਰੇ ਰਾਜਾਂ ਦੀ ਪੁਲਿਸ ਆਸਾਨੀ ਨਾਲ ਇੰਟਰਪੋਲ ਨਾਲ ਜੁੜ ਸਕੇਗੀ। ਉਨ੍ਹਾਂ ਕਿਹਾ ਕਿ ਅਸੀਂ ਅਪਰਾਧ ਨੂੰ ਕਾਬੂ ਕਰਨ ਲਈ ਕੁਸ਼ਲਤਾ ਨਾਲ ਕੰਮ ਕਰਨਾ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਭਾਰਤਪੋਲ ਨੂੰ ਸੀ.ਬੀ.ਆਈ. ਨੇ ਹੀ ਬਣਾਇਆ ਹੈ। ਭਾਰਤਪੋਲ ਪੋਰਟਲ ਨੂੰ ਇੰਟਰਪੋਲ ਦੀ ਤਰਜ਼ ’ਤੇ ਬਣਾਇਆ ਗਿਆ ਹੈ। ਇਸ ਨਾਲ ਜਾਂਚ ਏਜੰਸੀਆਂ ਨੂੰ ਸਾਈਬਰ ਅਤੇ ਵਿੱਤੀ ਅਪਰਾਧਾਂ ਸਮੇਤ ਹੋਰ ਅਪਰਾਧਾਂ ਵਿਚ ਅੰਤਰਰਾਸ਼ਟਰੀ ਪੁਲਿਸ ਤੋਂ ਤੁਰੰਤ ਮਦਦ ਮਿਲੇਗੀ। ਇਸ ਪੋਲ ਰਾਹੀਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪੁਲਿਸ ਵਿਦੇਸ਼ ਭੱਜ ਚੁੱਕੇ ਅਪਰਾਧੀਆਂ ਅਤੇ ਅਪਰਾਧਾਂ ਬਾਰੇ ਇੰਟਰਪੋਲ ਤੋਂ ਜਾਣਕਾਰੀ ਹਾਸਲ ਕਰ ਸਕੇਗੀ। ਉਨ੍ਹਾਂ ਅੱਗੇ ਕਿਹਾ ਕਿ ਅੱਤਵਾਦ ਜ਼ਮਹੂਰੀਅਤ, ਮਨੁੱਖੀ ਅਧਿਕਾਰਾਂ, ਆਰਥਿਕ ਤਰੱਕੀ ਅਤੇ ਵਿਸ਼ਵ ਸ਼ਾਂਤੀ ਲਈ ਸਭ ਤੋਂ ਵੱਡਾ ਖ਼ਤਰਾ ਹੈ, ਜਿਸ ਨੂੰ ਅਸੀਂ ਜਿੱਤਣ ਨਹੀਂ ਦਵਾਂਗੇ ਤੇ ਅੱਤਵਾਦ ਲਈ ਫੰਡਿੰਗ ਜ਼ਿਆਦਾ ਖਤਰਨਾਕ ਹੈ, ਕਿਉਂਕਿ ਇਹ ਫੰਡਿੰਗ ਅੱਤਵਾਦ ਨੂੰ ਪੋਸ਼ਣ ਦੇ ਕੇ ਵਿਸ਼ਵ ਦੀ ਆਰਥਿਕਤਾ ਨੂੰ ਕਮਜ਼ੋਰ ਕਰਦੀ ਹੈ। ਸ਼ਾਹ ਨੇ ਕਿਹਾ ਕਿ ਭਾਰਤਪੋਲ ਸਾਡੇ ਦੇਸ਼ ਦੀ ਅੰਤਰਰਾਸ਼ਟਰੀ ਜਾਂਚ ਨੂੰ ਇਕ ਨਵੇਂ ਯੁੱਗ ਵਿਚ ਲੈ ਜਾਵੇਗਾ।