ਨਸ਼ੇ ਦੇ ਸਮਗਲਰ ਦਾ ਪਿੱਛਾ ਕਰ ਰਹੀ ਪੁਲਿਸ ਪਾਰਟੀ ਤੇ ਹੋਇਆ ਹਮਲਾ
ਜਲਾਲਾਬਾਦ, (ਫ਼ਾਜ਼ਿਲਕਾ), 8 ਜਨਵਰੀ (ਜਤਿੰਦਰ ਪਾਲ ਸਿੰਘ)- ਪਿੰਡ ਢੰਡੀ ਕਦੀਮ ਵਿਖੇ ਹੈਰੋਇਨ ਦੀ ਪਾਕਿਸਤਾਨ ਤੋਂ ਖੇਪ ਲਿਆ ਰਹੇ ਨਸ਼ਾ ਸਮਗਲਰਾਂ ਵਲੋਂ ਥਾਣਾ ਸਦਰ ਜਲਾਲਾਬਾਦ ਦੇ ਮੁਖੀ ਐਸ. ਐਚ. ਓ. ਅਮਰਜੀਤ ਕੌਰ ਅਤੇ ਉਨ੍ਹਾਂ ਦੇ ਨਾਲ ਮੁਲਾਜ਼ਮ ’ਤੇ ਹਮਲਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਹਮਲਾਵਰਾਂ ਵਿਚੋਂ ਦੋ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਜਲਾਲਾਬਾਦ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੁੱਖ ਅਫ਼ਸਰਾਂ ਦੇ ਹੁਕਮਾਂ ਤਹਿਤ ਨਸ਼ੇ ਵਿਰੋਧੀ ਮੁਹਿੰਮ ਵਿਚ ਥਾਣਾ ਸਦਰ ਜਲਾਲਾਬਾਦ ਦੇ ਐਸ. ਐਚ. ਓ. ਅਮਰਜੀਤ ਕੌਰ ਆਪਣੀ ਟੀਮ ਦੇ ਨਾਲ ਮੁਖ਼ਬਰੀ ਦੇ ਆਧਾਰ ’ਤੇ ਪਿੰਡ ਢੰਡੀ ਕਦੀਮ ਮੌਜੂਦ ਸਨ, ਜਿੱਥੇ ਅਮਨਦੀਪ ਪੁੱਤਰ ਸ਼ਰਮਾ ਸਿੰਘ ਜੋ ਕਿ ਪਹਿਲਾਂ ਵੀ ਨਸ਼ੇ ਦੇ ਮਾਮਲੇ ਵਿਚ ਲੋੜੀਂਦਾ ਹੈ, ਦੀ ਭਾਲ ਵਿਚ ਸਨ। ਇਹ ਵੀ ਸੂਚਨਾ ਸੀ ਕਿ ਅਮਨਦੀਪ ਡਰੋਨ ਰਾਹੀਂ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਪਾਕਿਸਤਾਨ ਵਾਲੇ ਪਾਸੇ ਤੋਂ ਹੈਰੋਇਨ ਮੰਗਵਾ ਰਿਹਾ ਹੈ। ਅਮਰਜੀਤ ਕੌਰ ਵਲੋਂ ਟਰੈਪ ਲਗਾਇਆ ਹੋਇਆ ਸੀ। ਇਸ ਦੌਰਾਨ ਇਹ ਸ਼ੱਕ ਹੋਇਆ ਕਿ ਭਗੌੜਾ ਅਮਨਦੀਪ ਪਿੰਡ ਦੀ ਕਰਨੈਲ ਸਿੰਘ ਦੀ ਢਾਣੀ ’ਤੇ ਲੁਕਿਆ ਹੋਇਆ ਹੈ। ਇਸ ਤਹਿਤ ਜਦੋਂ ਪੁਲਿਸ ਪਾਰਟੀ ਨੇ ਕਰਨੈਲ ਸਿੰਘ ਦੀ ਢਾਣੀ ਦੀ ਤਲਾਸ਼ੀ ਕਰਨੀ ਚਾਹੀ ਤਾਂ ਉਨ੍ਹਾਂ ਨੇ ਪੁਲਿਸ ਪਾਰਟੀ ’ਤੇ ਹਮਲਾ ਕਰ ਦਿੱਤਾ ਅਤੇ ਦੋਸ਼ੀ ਨੂੰ ਮੌਕੇ ਤੋਂ ਭਜਾ ਦਿੱਤਾ। ਹਮਲੇ ਵਿਚ ਅਮਰਜੀਤ ਕੌਰ ਦੇ ਸੱਟਾਂ ਲੱਗੀਆਂ ਹਨ, ਮੁਲਾਜ਼ਮ ਕੇਵਲ ਕ੍ਰਿਸ਼ਨ ਦੀ ਵਰਦੀ ਪਾੜੀ ਗਈ ਹੈ, ਮੁਲਾਜ਼ਮ ਹਰਬੰਸ ਸਿੰਘ ਨੂੰ ਵੀ ਸੱਟਾਂ ਲੱਗੀਆਂ ਹਨ। ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ ਦੋਸ਼ੀਆਂ ਦੀ ਭਾਲ ਵੀ ਜਾਰੀ ਹੈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।