ਪੰਜਾਬ ਵਿਚ ਮੀਂਹ ਦਾ ਅਲਰਟ ਜਾਰੀ
ਨਵੀਂ ਦਿੱਲੀ, 7 ਜਨਵਰੀ- ਉੱਤਰੀ ਭਾਰਤ ਸਮੇਤ ਦੇਸ਼ ਦੇ ਕਈ ਰਾਜਾਂ ਵਿਚ ਠੰਢ ਦਾ ਕਹਿਰ ਜਾਰੀ ਹੈ। ਅੱਜ ਦਿੱਲੀ ਐਨ.ਸੀ.ਆਰ. ਸਮੇਤ ਕਈ ਰਾਜਾਂ ਵਿਚ ਤੇਜ਼ ਠੰਢੀਆਂ ਹਵਾਵਾਂ ਨੇ ਠੰਢ ਵਧਾ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਪੱਛਮੀ ਹਿਮਾਲੀਅਨ ਰਾਜਾਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੀਆਂ ਚੋਟੀਆਂ ’ਤੇ ਭਾਰੀ ਬਰਫਬਾਰੀ ਹੋਈ ਹੈ। ਇਸ ਕਾਰਨ ਇਨ੍ਹਾਂ ਰਾਜਾਂ ਦੇ ਨਾਲ-ਨਾਲ ਨੇੜਲੇ ਮੈਦਾਨੀ ਰਾਜਾਂ ਵਿਚ ਵੀ ਠੰਢ ਵਧ ਗਈ ਹੈ। ਫਿਲਹਾਲ ਧੁੰਦ ਤੋਂ ਰਾਹਤ ਹੈ, ਹਾਲਾਂਕਿ ਕਈ ਰੇਲਗੱਡੀਆਂ ਅਜੇ ਵੀ ਦੇਰੀ ਨਾਲ ਚੱਲ ਰਹੀਆਂ ਹਨ। ਅੱਜ ਪੰਜਾਬ ’ਚ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਲਈ ਅਲਰਟ ਜਾਰੀ ਕੀਤਾ ਗਿਆ ਹੈ।