ਰੰਜਿਸ਼ਨ ਘਰ ਦੇ ਸਾਮਾਨ ਦੀ ਭੰਨਤੋੜ ਕਰਨ ਉਪਰੰਤ ਲਗਾਈ ਅੱਗ
ਚੋਗਾਵਾਂ (ਅੰਮ੍ਰਿਤਸਰ), 25 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪੁਲਿਸ ਚੌਕੀ ਕੱਕੜ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਰੰਜਿਸ਼ ਨੂੰ ਲੈ ਕੇ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਇਕ ਗਰੀਬ ਪਰਿਵਾਰ ਦੇ ਘਰ ਦੇ ਸਾਮਾਨ ਦੀ ਭੰਨ-ਤੋੜ ਕਰਕੇ ਅੱਗ ਲਗਾ ਕੇ ਨਕਦੀ ਤੇ ਗਹਿਣੇ ਸਾੜ ਦੇਣ ਦੀ ਖਬਰ ਹੈ। ਇਸ ਸਬੰਧੀ ਕੱਕੜ ਚੌਕੀ ਦੇ ਮੁਖੀ ਗੁਰਵੇਲ ਸਿੰਘ ਨੇ ਘਟਨਾ ਸਥਾਨ ਉਤੇ ਪਹੁੰਚ ਕੇ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਗੁਲਜਾਰ ਸਿੰਘ ਦਾ ਦੋਹਤਾ ਭਿੰਦਰ ਸਿੰਘ ਬੀਤੇ ਦਿਨੀਂ ਪਿੰਡ ਦੀ ਹੀ ਇਕ ਲੜਕੀ ਨੂੰ ਆਪਣੇ ਨਾਲ ਭਜਾ ਕੇ ਲੈ ਗਿਆ। ਜੋ ਇਥੇ ਨਾਨਕੇ ਰਹਿੰਦਾ ਸੀ। ਲੜਕੀ ਪਰਿਵਾਰ ਵਲੋਂ ਦਰਖਾਸਤ ਦਿੱਤੀ ਗਈ ਸੀ। ਪੁਲਿਸ ਵਲੋਂ ਗੁਲਜਾਰ ਸਿੰਘ ਦੇ ਘਰ ਰੇਡ ਕੀਤੀ ਤਾਂ ਘਰ ਵਿਚ ਕੋਈ ਮੌਜੂਦ ਨਹੀਂ ਸੀ। ਅੱਜ ਲੜਕੀ ਪਰਿਵਾਰ ਨੇ ਗੁਲਜਾਰ ਸਿੰਘ ਦੇ ਘਰ ਨੂੰ ਅੱਗ ਲਗਾ ਕੇ ਕਾਫੀ ਨੁਕਸਾਨ ਕੀਤਾ। ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਲੜਕੀ ਪਰਿਵਾਰ ਦਾ ਕਹਿਣਾ ਹੈ ਕਿ ਭਿੰਦਰ ਸਿੰਘ ਉਨ੍ਹਾਂ ਦੀ ਲੜਕੀ ਨੂੰ ਭਜਾ ਕੇ ਲੈ ਗਿਆ ਹੈ। ਪੁਲਿਸ ਨੂੰ ਇਤਲਾਹ ਦਿੱਤੀ ਪਰ ਕੋਈ ਸਾਡੀ ਸੁਣਵਾਈ ਨਹੀਂ ਹੋਈ।