ਪੰਜਾਬ ਵਿਚ ਅਗਲੇ ਦੋ ਤਿੰਨ ਦਿਨਾਂ ਤੱਕ ਛਾਈ ਰਹੇਗੀ ਸੰਘਣੀ ਧੁੰਦ- ਮੌਸਮ ਵਿਭਾਗ
ਨਵੀਂ ਦਿੱਲੀ, 26 ਦਸੰਬਰ- ਪਹਾੜਾਂ ’ਚ ਲਗਾਤਾਰ ਹੋ ਰਹੀ ਬਰਫਬਾਰੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਇਸ ਕਾਰਨ ਮੈਦਾਨੀ ਇਲਾਕਿਆਂ ਵਿਚ ਵੀ ਠੰਢ ਵਧ ਗਈ ਹੈ ਅਤੇ ਪੰਜਾਬ, ਦਿੱਲੀ, ਹਰਿਆਣਾ ਅਤੇ ਰਾਜਸਥਾਨ ਵਿਚ ਬੀਤੇ ਦਿਨ ਧੁੰਦ ਦੀ ਸੰਘਣੀ ਚਾਦਰ ਨੇ ਆਮ ਜਨਜੀਵਨ ਦੀ ਰਫ਼ਤਾਰ ਨੂੰ ਠੱਪ ਕਰ ਦਿੱਤਾ। ਭਾਰਤੀ ਮੌਸਮ ਵਿਭਾਗ ਨੇ 27 ਦਸੰਬਰ ਨੂੰ ਮੱਧ ਪ੍ਰਦੇਸ਼, ਪੱਛਮੀ ਉੱਤਰ ਪ੍ਰਦੇਸ਼ ਅਤੇ ਮੱਧ ਭਾਰਤ ਦੇ ਕੁਝ ਹਿੱਸਿਆਂ ਵਿਚ ਗੜੇ ਪੈਣ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਨੇ ਕਿਹਾ ਕਿ ਬੰਗਾਲ ਦੀ ਖਾੜੀ ਤੋਂ ਵੀ ਹਵਾਵਾਂ ਆਉਣਗੀਆਂ, ਜਿਸ ਕਾਰਨ ਮੱਧ ਭਾਰਤ ਅਤੇ ਦਿੱਲੀ-ਐਨ.ਸੀ.ਆਰ. ਵਿਚ ਹਲਕੀ ਬਾਰਿਸ਼ ਹੋ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਅਗਲੇ ਦੋ-ਤਿੰਨ ਦਿਨਾਂ ਤੱਕ ਸੰਘਣੀ ਧੁੰਦ ਛਾਈ ਰਹੇਗੀ।