ਕਿਸਾਨੀ ਮੰਗਾਂ 'ਤੇ ਸਾਬਕਾ ਸਾਂਸਦ ਜਗਮੀਤ ਸਿੰਘ ਬਰਾੜ ਵਲੋਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ
ਦਿੱਲੀ, 17 ਦਸੰਬਰ-ਸਾਬਕਾ ਸਾਂਸਦ ਜਗਮੀਤ ਸਿੰਘ ਬਰਾੜ ਨੇ ਅੱਜ ਦੇਰ ਸ਼ਾਮ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸਰਦਾਰ ਬਰਾੜ ਨੇ ਪੰਜਾਬ ਦੇ ਕਿਸਾਨਾਂ ਦੀ ਦਿਨ-ਬ-ਦਿਨ ਹੋ ਰਹੀ ਤਰਸਯੋਗ ਹਾਲਤ ਤੋਂ ਜਿਥੇ ਜਾਣੂ ਕਰਵਾਇਆ, ਉਥੇ ਹੀ ਮੌਜੂਦਾ ਕਿਸਾਨੀ ਘੋਲ ਲੜਨ ਦੀ ਮਜਬੂਰੀ ਅਤੇ ਕਿਸਾਨ ਆਗੂਆਂ ਦੇ ਜਜ਼ਬੇ ਅਤੇ ਹੌਸਲੇ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ। ਕਰੀਬ ਇਕ ਘੰਟਾ ਚਲੀ ਮੀਟਿੰਗ ਦੌਰਾਨ ਸਰਦਾਰ ਬਰਾੜ ਵਲੋਂ ਉਠਾਏ ਮੁੱਦਿਆਂ ਉਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨੇ ਸੰਵੇਦਨਸ਼ੀਲਤਾ ਅਤੇ ਹਮਦਰਦੀ ਜ਼ਾਹਿਰ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਕਿਸਾਨਾਂ ਪ੍ਰਤੀ ਜਤਾਈ ਜਾ ਰਹੀ ਚਿੰਤਾ ਨੂੰ ਵੀ ਪ੍ਰਗਟਾਇਆ।
ਸਰਦਾਰ ਬਰਾੜ ਸਾਹਿਬ ਵਲੋਂ ਦੇਸ਼ ਦੇ ਕਿਸਾਨਾਂ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਪੇਸ਼ ਕੀਤੀਆਂ ਦਲੀਲਾਂ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਵਲੋਂ ਨਾ ਸਿਰਫ ਭਰੋਸਾ ਦਿੱਤਾ ਗਿਆ ਸਗੋਂ ਵਾਅਦਾ ਕੀਤਾ ਗਿਆ ਕਿ ਦੇਸ਼ ਦੇ ਕਿਸਾਨਾਂ ਲਈ ਐੱਮ.ਐੱਸ.ਪੀ. ਗਾਰੰਟੀ ਹੋ ਸਕਦੀ ਹੈ, ਇਸ ਲਈ ਜਾਰੀ ਸੈਸ਼ਨ ਵਿਚ ਦੇਸ਼ ਦੇ ਕਿਸਾਨਾਂ ਸਾਹਮਣੇ ਜ਼ਿੰਮੇਵਾਰਤਾ ਅਤੇ ਭਰੋਸੇਯੋਗ ਕਦਮ ਉਠਾਏ ਜਾ ਰਹੇ ਹਨ। ਇਸ ਤੋਂ ਇਲਾਵਾ ਨਵੀਂ ਖੇਤੀ ਪਾਲਿਸੀ ਵਿਚ ਜਿਹੜੇ ਨੁਕਤੇ ਕਿਸਾਨਾਂ ਦੇ ਖਦਸ਼ੇ ਬਣੇ, ਉਨ੍ਹਾਂ ਉਤੇ ਦੁਬਾਰਾ ਵਿਚਾਰ ਕਰਨ ਲਈ ਹਮੇਸ਼ਾ ਕੇਂਦਰ ਸਰਕਾਰ ਤਤਪਰ ਹੈ ਅਤੇ ਰਹੇਗੀ, ਜਿਸ ਲਈ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਿਸਾਨਾਂ ਲਈ ਹਮੇਸ਼ਾ ਬੂਹੇ ਖੁੱਲ੍ਹੇ ਹਨ। ਸਰਦਾਰ ਬਰਾੜ ਨੇ ਪਿਛਲੇ ਦੱਸ ਮਹੀਨਿਆਂ ਤੋਂ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚ ਬਣੇ ਡੈੱਡਲਾਕ ਤੋਂ ਜਾਣੂ ਕਰਵਾਇਆ, ਜਿਸ ਉਤੇ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਵਚਨਬੱਧਤਾ ਦਿੰਦਿਆਂ ਕਿਹਾ ਕਿ ਅਗਲੇ ਕੁਝ ਦਿਨਾਂ ਨਹੀਂ ਬਲਕਿ ਘੰਟਿਆਂ ਵਿਚ ਇਸ ਡੈੱਡਲਾਕ ਨੂੰ ਤੋੜ ਕੇ ਨਵੀਂ ਸਵੇਰ ਦਾ ਆਗਾਜ਼ ਹੋਵੇਗਾ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਲੋਂ ਜਾਰੀ ਮਰਨ ਵਰਤ ਦੌਰਾਨ ਉਨ੍ਹਾਂ ਦੀ ਸਿਹਤ ਤੋਂ ਵੀ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਜਾਣੂ ਕਰਵਾਇਆ ਗਿਆ। ਸਰਦਾਰ ਬਰਾੜ ਨੇ ਇਸ ਮੁਲਾਕਾਤ ਨੂੰ ਆਉਣ ਵਾਲੇ ਦਿਨਾਂ ਵਿਚ ਚੰਗੇ ਸੰਕੇਤ ਦਾ ਰੂਪ ਦਿੰਦਿਆਂ ਕਿਹਾ ਕਿ ਜਿਸ ਤਰੀਕੇ ਉਨ੍ਹਾਂ ਨੇ ਕਿਸਾਨਾਂ ਦੇ ਵਕੀਲ ਵਜੋਂ ਤਰਕ ਨਾਲ, ਪਿਛਲੇ ਦਿਨੀਂ ਕਿਸਾਨ ਆਗੂਆਂ ਨਾਲ ਕੀਤੀਆਂ ਮੁਲਾਕਾਤਾਂ ਤੋਂ ਮਿਲੇ ਸੁਝਾਅ ਨਾਲ ਅਤੇ ਖੇਤੀਬਾੜੀ ਸੈਕਟਰ ਦੀ ਅਰਥਵਿਵਸਥਾ ਨੂੰ ਸਮਝਣ ਵਾਲੇ ਵਿਅਕਤੀਆਂ ਤੋਂ ਮਿਲੇ ਸੁਝਾਅ ਨਾਲ ਪੱਖ ਪੇਸ਼ ਕੀਤਾ, ਉਸ ਤੋਂ ਬਾਅਦ ਉਨ੍ਹਾਂ ਨੂੰ ਆਸ ਹੈ ਕਿ ਅਗਲੇ ਕੁਝ ਦਿਨਾਂ ਵਿਚ ਪੰਜਾਬ ਦੇ ਅੰਨਦਾਤੇ ਵਲੋਂ ਲੜੇ ਜਾ ਰਹੇ ਅੰਦੋਲਨ ਅਤੇ ਫ਼ੈਸਲਾਕੁੰਨ ਲੜਾਈ ਵਿਚ ਜਿੱਤ ਮਿਲੇਗੀ। ਸਰਦਾਰ ਬਰਾੜ ਵਲੋਂ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਖਾਸ ਤੌਰ ਉਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਅਤੇ ਗੰਭੀਰਤਾ ਭਰੇ ਕਦਮ ਨਾਲ ਜਿਥੇ ਮੁਲਾਕਾਤ ਯਕੀਨੀ ਬਣੀ, ਉਥੇ ਹਰਦੀਪ ਪੁਰੀ ਸਾਹਿਬ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਵੀ ਕਿਸਾਨਾਂ ਦਾ ਮੁੱਦਾ ਚੁੱਕਿਆ ਗਿਆ ਹੈ।