15-12-2024
ਮੋਈ ਮਾਂ ਦਾ ਦੁੱਧ
ਲੇਖਕ : ਮਨਮੋਹਨ ਸਿੰਘ ਦਾਊਂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 108
ਸੰਪਰਕ : 98151-23900
ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਇਸ ਕਹਾਣੀ-ਸੰਗ੍ਰਹਿ ਦੀਆਂ ਅੱਠ ਕਹਾਣੀਆਂ ਵਿਚ ਵੰਡ ਦੇ ਉਨ੍ਹਾਂ ਜ਼ਖ਼ਮਾਂ ਦੀ ਦਾਸਤਾਨ ਪੇਸ਼ ਕੀਤੀ ਹੈ, ਜਿਹੜੇ ਭਰਨ ਤੋਂ ਬਾਅਦ ਵੀ ਆਪਣੇ ਨਿਸ਼ਾਨ ਛੱਡ ਗਏ ਹਨ। ਕਹਾਣੀਕਾਰ ਦਾ ਆਪਣਾ ਇਲਾਕਾ ਪੁਆਧ ਹੋਣ ਕਾਰਨ ਇਨ੍ਹਾਂ ਕਹਾਣੀਆਂ ਦਾ ਧਰਾਤਲ ਵੀ ਪੁਆਧ ਹੀ ਹੈ, ਜਿੱਥੇ 1947 ਦੇ ਵੇਲੇ ਵਿਚ ਵਾਪਰੀਆਂ ਘਟਨਾਵਾਂ ਨੂੰ ਲੇਖਕ ਨੇ ਆਪਣੇ ਕੰਨੀ ਸੁਣਿਆ ਅਤੇ ਆਪਣੇ ਸ਼ਬਦਾਂ ਵਿਚ ਬਿਆਨ ਕਰਦਿਆਂ ਪਾਠਕਾਂ ਦੇ ਰੂਬਰੂ ਕੀਤਾ ਹੈ ।1947 ਦਾ ਉਹ ਸਮਾਂ ਅਜਿਹਾ ਸੀ ਜਦੋਂ ਇਨਸਾਨੀਅਤ ਸ਼ਰਮਸਾਰ ਹੋਈ ਤੇ ਫਿਰ ਫਿਰਕਾਪ੍ਰਸਤੀ ਦਾ ਜ਼ਹਿਰ ਇਸ ਧਰਤੀ 'ਤੇ ਇਸ ਕਦਰ ਫੈਲਿਆ ਕਿ ਹਰ ਕੋਈ ਉਸ ਦਾ ਸ਼ਿਕਾਰ ਹੋ ਗਿਆ। ਪਰ ਕਿਤੇ-ਕਿਤੇ ਇਨਸਾਨੀਅਤ ਨੇ ਆਪਣੀ ਹੋਂਦ ਨੂੰ ਬਰਕਰਾਰ ਰੱਖਦਿਆਂ ਮਾਨਵਤਾ ਦਾ ਝੰਡਾ ਬੁਲੰਦ ਕੀਤਾ। ਆਪਣੇ ਬਚਪਨ ਵਿਚ ਇਨ੍ਹਾਂ ਹੱਲਿਆਂ ਦਾ ਅਚੇਤ ਮਨ ਦੇ ਪ੍ਰਭਾਵ ਲੇਖਕ ਕਿਵੇਂ ਕਬੂਲਦਾ ਹੈ ਇਸ ਬਾਰੇ ਉਹ ਆਪਣੀ ਭੂਮਿਕਾ ਵਿਚ ਬਾਖੂਬੀ ਲਿਖਦਾ ਹੈ। ਹਰ ਕਹਾਣੀ ਦੀ ਸ਼ੁਰੂਆਤ ਵਿਚ ਦਿੱਤੀਆਂ ਕਾਵਿਕ ਸਤਰਾਂ ਕਹਾਣੀ ਪੜ੍ਹਨ ਤੋਂ ਪਹਿਲਾਂ ਜਿਵੇਂ ਪਾਠਕ ਨੂੰ ਮਾਨਸਿਕ ਤੌਰ 'ਤੇ ਤਿਆਰ ਕਰਦੀਆਂ ਹਨ ਕਿ ਉਹ ਇਕ ਅਜਿਹੇ ਵਾਕੇ ਨਾਲ ਜੁੜੀਆਂ ਕਹਾਣੀਆਂ ਪੜ੍ਹਨ ਜਾ ਰਿਹਾ ਹੈ, ਜਿਹੜਾ ਕਿ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਫਰਿਸ਼ਤੇ ਵਰਗਾ ਮਨੁੱਖ ਦਾ ਨਾਇਕ ਆਪਣੇ ਪਿੰਡ ਦੀ ਧੀ-ਭੈਣ ਨੂੰ ਬਚਾ ਉਸ ਨੂੰ ਆਪਣੀ ਧੀ ਬਣਾ ਜਿੰਦਗੀ ਦੇ ਨਵੇਂ ਰਸਤੇ ਪਾਉਂਦਾ ਹੈ ਤੇ ਲੇਖਕ ਨਾਲ ਆਪਣੀ ਹੱਡ ਬੀਤੀ ਸਾਂਝੀ ਕਰਕੇ ਉਹ ਹਲਕਾ ਮਹਿਸੂਸ ਕਰਦਾ ਹੈ। ਲੇਖਕ ਨੂੰ ਉਸ ਨਾਲ ਮਿਲਦਿਆਂ ਇੱਕ ਫਰਿਸ਼ਤੇ ਵਰਗੇ ਮਨੁੱਖ ਨਾਲ ਮਿਲਣ ਦਾ ਅਹਿਸਾਸ ਹੁੰਦਾ ਹੈ, ਜਿਸ ਨੇ ਇਕ ਜ਼ਿੰਦਗੀ ਨੂੰ ਨਵੀਂ ਜ਼ਿੰਦਗੀ ਬਖਸ਼ੀ ਹੈ ਗੰਡਾਸੀ ਵਾਲਾ ਮੋਢਾ ਦਾ ਨਾਇਕ ਵੀ ਅਜਿਹੀ ਸਥਿਤੀ ਵਿਚ ਇਸੇ ਹੀ ਤਰ੍ਹਾਂ ਗੁਜ਼ਰਦਾ ਹੈ, ਜੋ ਦੋ ਸਕੀਆਂ ਭੈਣਾਂ ਨੂੰ ਬਚਾਉਣ ਵਿਚ ਕਾਮਯਾਬ ਹੁੰਦਾ ਹੈ ਪਰ ਸਰਕਾਰਾਂ ਦੇ ਫ਼ੈਸਲੇ ਕਾਰਨ ਇਸ ਨੂੰ ਇੱਕ ਭੈਣ ਨੂੰ ਵਾਪਸ ਪਾਕਿਸਤਾਨ ਭੇਜਣਾ ਪੈਂਦਾ ਹੈ। ਮੋਈ ਮਾਂ ਦਾ ਦੁੱਧ ਪੀਣ ਵਾਲੇ ਬੱਚੇ ਨੂੰ ਬਚਾ ਕੇ ਹਜ਼ਾਰਾਂ ਸਿੰਘ, ਜੋ ਆਪਣੇ ਸਾਥੀਆਂ ਨਾਲ ਲੁਟੇਰਿਆਂ ਦੇ ਟੋਲੇ ਵਿਚ ਸ਼ਾਮਿਲ ਸੀ, ਇੱਕ ਨਵੇਂ ਇਨਸਾਨ ਵਜੋਂ ਉਭਰ ਕੇ ਸਾਹਮਣੇ ਆਉਂਦਾ ਹੈ ਤੇ ਉਹ ਉਸ ਬੱਚੇ ਦੇ ਜ਼ਰੀਏ ਆਪਣੀ ਜ਼ਿੰਦਗੀ ਦਾ ਮਕਸਦ ਪਾ ਲੈਂਦਾ ਹੈ। ਇਸ ਕਹਾਣੀ ਨੂੰ ਲੇਖਕ ਨੇ ਬਹੁਤ ਸ਼ਾਨਦਾਰ ਤਰੀਕੇ ਨਾਲ ਨਿਭਾਇਆ ਹੈ। ਕਬਰਾਂ 'ਚੋਂ ਉੱਠਦੀ ਖੁਸ਼ਬੂ ਤੇ ਕਰੀਮ ਬਖਸ਼ ਕਹਾਣੀਆਂ ਦਾ ਵਿਸ਼ਾ ਵਸਤੂ ਵੀ ਕੁਝ ਅਜਿਹਾ ਹੀ ਹੈ ਜਿੱਥੇ ਇਨਸਾਨੀ ਕਦਰਾਂ ਕੀਮਤਾਂ ਨੂੰ ਪਹਿਲ ਦਿੱਤੀ ਗਈ ਹੈ। ਇਕ ਇਲਾਚੀ ਇਕ ਛੁਹਾਰਾ ਇੱਕ ਵੱਖਰੇ ਜਿਹੇ ਰੰਗ ਦੀ ਕਹਾਣੀ ਹੈ, ਜਿਸ ਵਿਚ ਪਿਆਰ ਕਰਨ ਵਾਲਿਆਂ ਨੂੰ ਵੰਡ ਦੇ ਕਾਰਨ ਵਿਛੜਨਾ ਪੈਂਦਾ ਹੈ। ਰਾਤ ਦੇ ਹਨੇਰੇ ਵਿਚ ਉਨ੍ਹਾਂ ਦੀ ਆਖਰੀ ਮਿਲਣੀ ਉਨ੍ਹਾਂ ਦੇ ਪਿਆਰ ਦੀ ਗਵਾਹ ਬਣਦੀ ਹੈ। ਲਾਵਾਰਸ ਦਾ ਪੁਨਰ ਜਨਮ ਵਿਚ ਆਪਣੇ ਮਾਪਿਆਂ ਤੋਂ ਵਿਛੜੇ ਇੱਕ ਬੱਚੇ ਨੂੰ ਪਾਲ ਸੂਬੇਦਾਰ ਕਪੂਰ ਸਿੰਘ ਇਨਸਾਨੀਅਤ ਦਾ ਫਰਜ਼ ਨਿਭਾਉਂਦਾ ਹੈ ਅਤੇ ਉਸ ਨੂੰ ਇਕ ਨਵਾਂ ਜਨਮ ਦਿੰਦਾ ਹੈ। ਭਾਵੇਂ ਉਹ ਬੱਚਾ ਬਾਅਦ ਵਿਚ ਆਪਣੇ ਅਸਲੀ ਮਾਪਿਆਂ ਨੂੰ ਮਿਲਦਾ ਹੈ ਅਤੇ ਸਫਲਤਾ ਦੀਆਂ ਸਿਖਰਾਂ 'ਤੇ ਬੈਠਦਾ ਹੈ ਪਰ ਉਹ ਕਦੀ ਵੀ ਆਪਣੇ ਉਨ੍ਹਾਂ ਮਾਪਿਆਂ ਨੂੰ ਨਹੀਂ ਭੁੱਲ ਪਾਉਂਦਾ, ਜਿਨ੍ਹਾਂ ਉਸ ਨੂੰ ਲਾਵਾਰਸ ਹੋਣ ਤੋਂ ਬਚਾ ਪੁਨਰ ਜਨਮ ਦਿੱਤਾ ਅਤੇ ਉਹ ਵਾਪਸ ਭਾਰਤ ਆ ਆਪਣੇ ਉਨ੍ਹਾਂ ਮਾਪਿਆਂ ਨੂੰ ਸਿਜਦਾ ਕਰਦਿਆਂ ਉਸ ਪਿੰਡ ਦੀ ਖ਼ੈਰ ਮੰਗਦਾ ਹੈ। ਸਰਲ ਸਾਧਾਰਨ ਲਹਿਜ਼ੇ ਵਾਲੀਆਂ ਇਨ੍ਹਾਂ ਕਹਾਣੀਆਂ ਵਿਚ ਦੇਸ਼ ਵੰਡ ਦਾ ਦਰਦ ਆਪਸੀ ਭਾਈਚਾਰਾ ਇਨਸਾਨੀਅਤ ਅਤੇ ਲੋਕਾਈ ਨਾਲ ਹਮਦਰਦੀ ਦਾ ਸੁਨੇਹਾ ਕਹਾਣੀਕਾਰ ਵਲੋਂ ਦਿੱਤਾ ਗਿਆ ਹੈ।
-ਡਾ.ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823
ਇਕ ਪਾਸ਼ ਇਹ ਵੀ
ਲੇਖਕ : ਸ਼ਮਸ਼ੇਰ ਸੰਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 171
ਸੰਪਰਕ : 98763-12860
ਸ਼ਮਸ਼ੇਰ ਸੰਧੂ ਖ਼ੁਦ ਨਾਮਵਰ ਗੀਤਕਾਰ ਹੈ। ਪਾਸ਼ ਪੰਜਾਬੀ ਕਾਵਿ-ਜਗਤ ਵਿਚ ਆਪਣੀ ਵਿਲੱਖਣ ਥਾਂ ਰੱਖਦਾ ਹੈ। 'ਇਕ ਪਾਸ਼ ਇਹ ਵੀ' ਪੁਸਤਕ ਦਾ ਇਹ ਦੂਜਾ ਐਡੀਸ਼ਨ ਹੈ, ਜਿਸ ਵਿਚ ਲੇਖਕ ਮੁਤਾਬਿਕ 'ਸਾਂਝੇ ਤੇ ਪੁਰਾਣੇ ਮਿੱਤਰਾਂ ਦੇ ਦੋ ਲੇਖ ਵੀ ਸ਼ਾਮਿਲ ਕਰ ਲਏ ਹਨ। ਸ਼ਮਸ਼ੇਰ ਸੰਧੂ ਦਾ ਆਖਣਾ ਹੈ ਕਿ ਇਕ ਪਾਸ਼ ਉਹ ਸੀ ਜੋ ਪੰਜਾਬੀ ਕਵਿਤਾ ਵਿਚ ਇਨਕਲਾਬੀ ਕਵੀ ਜਾਂ ਵਿਦਰੋਹੀ ਸੁਰ ਵਜੋਂ ਉਭਰਿਆ। ਉਸ ਪਾਸ਼ ਨੂੰ ਤੁਹਾਡੇ 'ਚੋਂ ਬਹੁਤੇ ਭਲੀ-ਭਾਂਤ ਜਾਣਦੇ ਹਨ। ...ਪਰ ਪਾਸ਼ ਦੀ ਸ਼ਖ਼ਸੀਅਤ ਦੇ ਹੋਰ ਵੀ ਬਹੁਤ ਸਾਰੇ ਪਹਿਲੂ ਸਨ। ਉਹਦੇ ਸੁਭਾਅ ਦੀਆਂ ਕਈ ਪਰਤਾਂ ਸਨ...।'
ਪਾਸ਼ ਦੀ ਸ਼ਖ਼ਸੀਅਤ ਦੇ ਕਈ ਹੋਰ ਪਹਿਲੂ ਤੇ ਉਸ ਦੇ ਸੁਭਾਅ ਦੀਆਂ ਕਈ ਪਰਤਾਂ ਨੂੰ ਇਸ ਪੁਸਤਕ 'ਚੋਂ ਜਾਣਿਆ ਸਮਝਿਆ ਜਾ ਸਕਦਾ ਹੈ। ਇਸ ਪੁਸਤਕ 'ਚੋਂ ਪਾਸ਼ ਬਾਰੇ ਬਹੁਤ ਕੁਝ ਨਵਾਂ ਤੇ ਦਿਲਚਸਪ ਪੜ੍ਹਨ ਨੂੰ ਮਿਲਦਾ ਹੈ। ਜਿਵੇਂ :-
-'ਕਿਸੇ ਸਮੇਂ ਗ਼ਜ਼ਲ ਦਾ ਬੋਲਬਾਲਾ ਹੋ ਗਿਆ ਸੀ। ਪਾਸ਼ ਗ਼ਜ਼ਲ ਦੇ ਸਖ਼ਤ ਖਿਲਾਫ਼ ਸੀ। ਦੀਪਕ ਜੈਤੋਈ, ਸਾਧੂ ਸਿੰਘ ਹਮਦਰਦ, ਡਾ. ਰਣਧੀਰ ਸਿੰਘ ਚੰਦ, ਪ੍ਰਿੰ. ਤਖ਼ਤ ਸਿੰਘ, ਅਜਾਇਬ ਹੁੰਦਲ ਤੇ ਹੋਰ ਬਹੁਤ ਸਾਰੇ ਗ਼ਜ਼ਲ ਦਰਬਾਰ ਕਰਾਉਂਦੇ ਰਹਿੰਦੇ ਸਨ। ਨਵੀਂ ਪੀੜ੍ਹੀ ਦੇ ਬਹੁਤੇ ਸਿਰਕੱਢ ਸ਼ਾਇਰ ਪਾਸ਼ ਵਾਂਗ ਹੀ ਗ਼ਜ਼ਲ ਦੇ ਹੱਕ ਵਿਚ ਨਹੀਂ ਸਨ। (ਪੰਨਾ-37)
-ਪਾਸ਼ ਸੁਚੇਤ ਮਨੁੱਖ ਸੀ। ਆਤਮਿਕ ਪੱਧਰ 'ਤੇ ਉਹ ਬਹੁਤ ਵੱਡਾ ਦਾਰਸ਼ਨਿਕ ਸੀ। ਸਰੀਰਕ ਪੱਖੋਂ ਉਹ ਅੰਤਾਂ ਦਾ ਛੋਹਲਾ ਤੇ ਫੁਰਤੀਲਾ ਬੰਦਾ ਸੀ। (ਪੰਨਾ-70)
ਇਸ ਪੁਸਤਕ ਵਿਚ ਸ਼ਾਮਿਲ ਡਾ. ਨਾਹਰ ਸਿੰਘ ਦਾ 'ਪਾਸ਼ ਦੀ ਕਵਿਤਾ ਅਤੇ ਵਿਰਾਸਤ ਦਾ ਸਵਾਲ' ਉੱਚ ਪਾਏ ਦੀ ਸੰਤੁਲਿਤ ਸਮੀਖਿਆਤਮਿਕ ਰਚਨਾ ਹੈ। 'ਪੰਜਾਬੀ ਗੀਤਾਂ ਦੀਆਂ ਗਾਇਕਾਵਾਂ' ਤੇ 'ਹੁਸਨ... ਖ਼ੂਬਸੂਰਤੀ... ਸੁੰਦਰਤਾ' ਸਿਰਲੇਖਾਂ ਵਾਲੇ ਆਰਟੀਕਲ ਇਸ ਪੁਸਤਕ ਦੀ ਗੁਣਾਤਮਿਕਤਾ 'ਚ ਹੋਰ ਵੀ ਵਾਧਾ ਕਰਦੇ ਹਨ। ਜਿਥੇ ਪਾਸ਼ ਬਾਰੇ ਸ਼ਮਸ਼ੇਰ ਸੰਧੂ ਨੇ ਬਹੁਤ ਭਾਵਪੂਰਤ ਲਿਖਿਆ ਹੈ, ਉਥੇ ਉਸ ਦੀਆਂ ਲਿਖਤਾਂ 'ਚੋਂ ਉਸ ਦਾ ਵੱਖ-ਵੱਖ ਅਨੁਸ਼ਾਸਨਾਂ ਦਾ ਵਿਸ਼ਵ ਪੱਧਰੀ ਦੀਰਘ ਅਧਿਐਨ ਵੀ ਪਾਠਕ ਦੀ ਸੋਚ ਨੂੰ ਸੱਜਰਾਪਨ ਬਖ਼ਸ਼ਦਾ ਹੈ। ਨਿਰਸੰਦੇਹ ਇਸ ਪੁਸਤਕ ਦਾ ਅੱਖਰ-ਅੱਖਰ ਪੜ੍ਹਨ ਵਾਲਾ ਹੈ।
-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287
ਪੰਜਾਬੀ ਸਭਿਆਚਾਰ
(ਵਿਆਹ-ਪ੍ਰਥਾ : ਆਰੰਭ ਤੇ ਵਿਕਾਸ)
ਲੇਖਕ : ਜਲੌਰ ਸਿੰਘ ਖੀਵਾ (ਡਾ.)
ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ (ਪੰਜਾਬ)
ਮੁੱਲ : 200 ਰੁਪਏ, ਸਫ਼ੇ : 174
ਸੰਪਰਕ : 98723-83236
ਡਾ. ਜਲੌਰ ਸਿੰਘ ਖੀਵਾ ਪੰਜਾਬ ਦੇ ਪ੍ਰਮੁੱਖ ਕਾਲਜਾਂ ਵਿਚ ਪੋਸਟਗ੍ਰੈਜੂਏਟ ਸ਼੍ਰੇਣੀਆਂ ਨੂੰ ਪੜ੍ਹਾਉਣ ਵਾਲਾ ਇਕ ਵਚਨਬੱਧ ਅਧਿਆਪਕ ਅਤੇ ਲੇਖਕ ਹੈ। ਉਹ ਕੋਸ਼ਿਸ਼ ਕਰਦਾ ਹੈ ਕਿ ਉਸ ਦਾ ਗਿਆਨ ਸਪੱਸ਼ਟ ਅਤੇ ਸਹਿਜ ਢੰਗ ਨਾਲ ਸੰਪ੍ਰੇਸ਼ਿਤ ਹੋ ਜਾਵੇ। ਉਹ 'ਪੰਡਿਤਾਊ' ਕਿਸਮ ਦੀ ਵਿਦਵਤਾ ਦਾ ਕਾਇਲ ਨਹੀਂ ਹੈ। ਇਹੀ ਕਾਰਨ ਹੈ ਕਿ ਉਹ ਜਿਸ ਸ਼ਹਿਰ ਜਾਂ ਕਾਲਜ ਨਾਲ ਸੰਬੰਧਿਤ ਰਿਹਾ, ਉਥੋਂ ਦੇ ਨੌਜਵਾਨ ਵਰਗ ਵਿਚ ਉਸ ਦੀ ਭੱਲ ਬਣੀ ਰਹੀ। ਬੇਸ਼ੱਕ ਉਹ ਮਾਰਕਸਵਾਦੀ ਵਿਚਾਰਧਾਰਾ ਨੂੰ ਪ੍ਰਣਾਇਆ ਹੋਇਆ ਵਿਦਵਾਨ ਹੈ ਪਰ ਉਹ 'ਤੜਾਗੀਵਾਦੀ' ਮਾਨਸਿਕਤਾ ਵਿਚ ਨਹੀਂ ਬੱਝਿਆ ਬਲਕਿ ਉਦਾਰਚਿਤ ਹੋ ਕੇ ਆਪਣੇ ਸੱਭਿਆਚਾਰ ਦੀਆਂ ਸੰਸਥਾਵਾਂ ਅਤੇ ਸਾਹਿਤ-ਰੂਪਾਂ ਦਾ ਵਿਸ਼ਲੇਸ਼ਣ ਕਰਦਾ ਹੈ। ਪੰਜਾਬ ਇਕ ਅਜਿਹਾ ਪ੍ਰਦੇਸ਼ ਹੈ, ਜਿਥੇ ਪਿਛਲੇ ਕਈ ਹਜ਼ਾਰ ਵਰ੍ਹਿਆਂ ਤੋਂ ਵਿਦੇਸ਼ੀ ਕੌਮਾਂ ਦਾ ਆਉਣ-ਜਾਣ ਬਣਿਆ ਰਿਹਾ ਹੈ। ਇਸ ਕਾਰਨ ਇਥੋਂ ਦੀ ਹਰ ਸੰਸਥਾ ਦੇ ਸਰੂਪ ਵਿਚ ਹੈਰਾਨੀਜਨਕ ਵਿਵਿਧਤਾ ਮਿਲ ਜਾਂਦੀ ਹੈ। ਗੰਧਰਵ-ਵਿਆਹ, ਸਮਗੋਤਰੀ, ਅਸਮਗੋਤਰੀ, ਇਕ-ਪੁਰਖੀ, ਅਨੇਕਪੁਰਖੀ, ਕਰੇਵਾ, ਚੱਦਰ ਪਾਉਣਾ, ਕੱਢ ਕੇ ਲੈ ਆਉਣਾ ਆਦਿ ਤੋਂ ਲੈ ਕੇ ਲੀਗਲ (ਕਾਨੂੰਨੀ-ਵਿਆਹ), ਲਿਵਿੰਗ-ਇਨ, ਸਮਲਿੰਗੀ-ਵਿਆਹ ਆਦਿਕ ਵਿਆਹ-ਪ੍ਰਥਾ ਦੇ ਅਨੇਕ ਰੂਪ ਇਥੇ ਮਿਲ ਜਾਂਦੇ ਹਨ। ਡਾ. ਖੀਵਾ ਇਕ ਸਪੱਸ਼ਟਵਾਦੀ ਅਤੇ ਗ਼ੈਰ-ਰਸਮੀ ਸ਼ਖ਼ਸੀਅਤ ਵਾਲਾ ਬੁੱਧੀਜੀਵੀ ਹੈ। ਉਸ ਨੂੰ ਇਹ ਮੰਨਣ/ਕਹਿਣ ਵਿਚ ਕੋਈ ਝਿਜਕ ਨਹੀਂ ਕਿ ਵਿਆਹ ਦੀ ਪ੍ਰਥਾ, ਜਵਾਨ ਉਮਰ ਦੇ ਪੁਰਸ਼ਾਂ-ਔਰਤਾਂ ਦੇ ਲਿੰਗ-ਸੰਬੰਧਾਂ ਨੂੰ ਨਿਯਮਿਤ ਅਤੇ ਨਿਸਚਿਤ ਕਰਨ ਲਈ ਘੜੀ ਗਈ ਤਾਂ ਜੋ ਸਮਾਜ ਦਾ ਮਾਹੌਲ ਸਹਿਜ ਅਤੇ ਸੰਤੁਲਿਤ ਰਹੇ, ਕਿਸੇ ਇਸਤਰੀ ਨਾਲ ਸੰਬੰਧ ਬਣਾਉਣ ਵਾਸਤੇ ਲੜਾਈ-ਝਗੜੇ ਨਾ ਹੁੰਦੇ ਰਹਿਣ। ਵਿਆਹ-ਸੰਸਥਾ ਇਹ ਨਿਸਚਿਤ ਕਰ ਦਿੰਦੀ ਹੈ ਕਿ ਕਿਹੜੀ ਇਸਤਰੀ ਜਾਂ ਪੁਰਖ ਨਾਲ ਯੌਨ-ਸੰਬੰਧ ਰੱਖਣ ਵਾਸਤੇ, ਕਿਹੜਾ ਵਿਅਕਤੀ ਸਮਾਜਿਕ ਤੌਰ 'ਤੇ ਪ੍ਰਵਾਨਿਤ ਹੈ। ਇਸ ਪੁਸਤਕ ਵਿਚ ਉਸ ਨੇ ਵਿਆਹ-ਪ੍ਰਥਾ ਦੇ ਵਿਕਾਸ, ਵਿਆਹ ਬਨਾਮ ਜਾਤ-ਪਾਤ, ਵਿਆਹ ਦੀਆਂ ਵਿਭਿੰਨ ਸ਼੍ਰੇਣੀਆਂ ਦਾ ਵਰਗੀਕਣ, ਮੁਕਲਾਵਾ (ਮੁਕ-ਲਾਵਾ ਜਾਂ ਕਲਾਵਾ) ਅਤੇ ਜੋੜੀਆਂ ਜਗ ਥੋੜ੍ਹੀਆਂ (ਪੰਜਾਬੀ ਲੋਕਗੀਤਾਂ ਦੇ ਹਵਾਲੇ ਨਾਲ) ਆਦਿ ਵਿਸ਼ਿਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਇਹ ਪੁਸਤਕ ਹਰ ਵਰਗ, ਹੋਰ ਸੋਚ ਅਤੇ ਹਰ ਉਮਰ ਦੇ ਪਾਠਕਾਂ ਲਈ ਇਕੋ ਜਿਹੀ ਵਿਚਾਰ-ਉਤੇਜਕ ਸਿੱਧ ਹੋਵੇਗੀ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਕੱਚੇ ਘਰਾਂ ਦੀਆਂ ਖੁਸ਼ੀਆਂ
ਲੇਖਿਕਾਵਾਂ : ਕਮਲਵੀਰ ਕੌਰ ਅਤੇ ਪ੍ਰਭਜੋਤ ਕੌਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 80 ਰੁਪਏ, ਸਫ਼ੇ : 24
ਸੰਪਰਕ : 99151-03490
'ਕੱਚੇ ਘਰਾਂ ਦੀਆਂ ਖੁਸ਼ੀਆਂ' ਬਾਲ ਪੁਸਤਕ ਵਿਚ ਕੁੱਲ ਚਾਲੀ ਬਾਲ ਕਵਿਤਾਵਾਂ ਅਤੇ ਗੀਤ ਹਨ। ਲੇਖਿਕਾਵਾਂ ਵਿਦਿਆਰਥਣਾਂ ਹੋਣ ਕਰਕੇ ਇਨ੍ਹਾਂ ਨੇ ਜ਼ਿਆਦਾ ਵਿਸ਼ੇ ਆਪਣੇ ਆਸੇ-ਪਾਸੇ ਤੋਂ ਭਾਵ ਸਕੂਲ ਅਤੇ ਘਰ ਵਿਚੋਂ ਹੀ ਲਏ ਹਨ ਜਿਵੇਂ :-'ਮਾਂ, ਰੁੱਖ ਪੰਛੀ, ਪਾਣੀ, ਦੋਸਤ, ਅਧਿਆਪਕ, ਬੱਚੇ, ਸਕੂਲ, ਸਹੇਲੀ, ਦਾਦੀ, ਬਾਪੂ, ਪੰਛੀ, ਫੁੱਲ, ਬਿੱਲੀ, ਮੱਖੀ ਆਦਿ। ਵਿਦਿਆਰਥਣਾਂ ਹੋਣ ਕਰਕੇ ਭਾਸ਼ਾ ਬਹੁਤ ਹੀ ਸਰਲ ਠੇਠ ਅਤੇ ਬਾਲਾਂ ਦੇ ਹਾਣ ਦੀ ਹੀ ਵਰਤੀ ਗਈ ਹੈ। ਉਮਰ ਦੇ ਹਿਸਾਬ ਨਾਲ ਫੇਰ ਵੀ ਚੰਗੀਆਂ ਬਾਲ ਕਵਿਤਾਵਾਂ ਅਤੇ ਗੀਤ ਲਿਖੇ ਹਨ ਜਿਵੇਂ 'ਰੁੱਖ' ਕਵਿਤਾ ਵਿਚ ਸਰਲਤਾ ਵੇਖੋ :
-ਰੁੱਖ-
ਜੇ ਇੱਕ ਰੁੱਖ ਕੱਟੋ ਤਾਂ ਚਾਰ ਲਗਾਓ,
ਆਓ ਸਾਰੇ ਰੁੱਖ ਲਗਾਓ।
ਰੁੱਖ ਸਾਨੂੰ ਫਲ਼ ਦਿੰਦੇ ਨੇ,
ਰੁੱਖ ਸਾਨੂੰ ਜੀਵਨ ਦਿੰਦੇ ਨੇ।
ਜੜ੍ਹੀ ਬੂਟੀ ਤੇ ਲੱਕੜ ਮਿਲਦੀ,
ਰੁੱਖਾਂ ਤੋਂ ਹੈ ਜ਼ਿੰਦਗੀ ਮਿਲਦੀ।
ਏਸੇ ਤਰ੍ਹਾਂ ਹੀ 'ਪੁਸਤਕ'ਕਵਿਤਾ ਵੀ ਬਹੁਤ ਪਿਆਰੀ ਹੈ।
-ਪੁਸਤਕ-
ਪੁਸਤਕਾਂ ਹਨ ਗਿਆਨ ਦਾ ਭੰਡਾਰ,
ਮਿਲਦਾ ਸਾਨੂੰ ਇਨ੍ਹਾਂ ਵਿਚੋਂ ਬਹੁਤ ਗਿਆਨ।
ਪੁਸਤਕ ਵਿਚ ਲਿਖੇ ਸ਼ਬਦ ਸਾਨੂੰ ਸਮਝਾ ਦਿੰਦੇ ਨੇ,
ਦੁਨੀਆ ਦੇ ਚੰਗੇ ਰਸਤੇ 'ਤੇ ਚੱਲਣਾ ਸਿਖਾਉਂਦੇ ਨੇ।
ਪੜ੍ਹ ਕੇ ਪੁਸਤਕ ਅਸੀਂ ਬਣਦੇ ਮਹਾਨ,
ਫੇਰ ਕਰਦੇ ਲੋਕ ਸਾਡਾ ਸਨਮਾਨ।
ਏਸੇ ਤਰ੍ਹਾਂ 'ਪਾਣੀ' ਕਵਿਤਾ ਰਾਹੀਂ ਪਾਣੀ ਦੀ ਮਹਾਨਤਾ ਦੱਸਣ ਦੀ ਕੋਸ਼ਿਸ਼ ਕੀਤੀ ਹੈ।
-ਪਾਣੀ-
ਪਾਣੀ ਬੜਾ ਅਨਮੋਲ ਹੈ,
ਇਸ ਨੂੰ ਗਵਾਇਆ ਨਾ ਕਰੋ।
ਇਸ ਨੂੰ ਡੋਲ੍ਹੋ ਨਾ,
ਬਚਾਓ ਇੱਕ-ਇੱਕ ਬੂੰਦ,
ਜੇ ਇਸ ਨੂੰ ਕੀਤਾ ਖਰਾਬ,
ਤਾਂ ਜ਼ਿੰਦਗੀ ਹੋ ਜਾਊ ਬਰਬਾਦ।
ਖਾਣ ਪੀਣ ਤੇ ਨਹਾਉਣ ਧੋਣ ਲਈ,
ਇਹ ਪਾਣੀ ਕੰਮ ਆਵੇ।
ਸਾਡੇ ਖੇਤਾਂ ਨੂੰ ਸਿੰਜ ਕੇ,
ਫਸਲਾਂ ਵੀ ਉਪਜਾਵੇ।
ਚਿੱਤਰਕਾਰੀ ਛੇਵੀਂ ਜਮਾਤ ਦੇ ਬੱਚੇ ਹਨੀ ਸਿੰਘ ਨੇ ਕੀਤੀ ਹੈ, ਚੰਗੀ ਗੱਲ ਸੀ ਜੇ ਇਹ ਚਿੱਤਰਕਾਰੀ ਕਿਸੇ ਵੱਡੀ ਜਮਾਤ ਦੇ ਕਿਸੇ ਬੱਚੇ ਤੋਂ ਕਰਵਾਈ ਜਾਂਦੀ ਹੋਰ ਵੀ ਵਧੀਆ ਗੱਲ ਬਣਨੀ ਸੀ। ਸਾਰੀਆਂ ਰਚਨਾਵਾਂ ਬਾਲਾਂ ਦਾ ਜਿੱਥੇ ਮਨੋਰੰਜਨ ਕਰਦੀਆਂ ਹਨ ਉਥੇ ਸੁਭਾਵਿਕ ਹੀ ਸਿੱਖਿਆ ਵੀ ਦਿੰਦੀਆਂ ਹਨ। ਨਵੀਆਂ ਬਾਲ ਲੇਖਿਕਾਵਾਂ ਤੇ ਪਹਿਲਾ ਉਪਰਾਲਾ ਹੋਣ ਕਰਕੇ ਕਵਿਤਾਵਾਂ ਵਿਚ ਵਜ਼ਨ ਤੋਲ ਤੁਕਾਂਤ ਦੀਆਂ ਕੁਝ ਕੁ ਕਮੀਆਂ ਹਨ, ਜੋ ਅਨੁਭਵ ਅਤੇ ਤਜਰਬੇ ਨਾਲ ਦੂਰ ਹੋ ਜਾਣਗੀਆਂ ਪਰ ਫੇਰ ਵੀ ਇਨ੍ਹਾਂ ਬੱਚੀਆਂ ਵਿਚ ਭਵਿੱਖ ਦੀਆਂ ਸ਼ਾਨਦਾਰ ਸੰਭਾਵਨਾਵਾਂ ਛੁਪੀਆਂ ਹੋਈਆਂ ਹਨ। ਮੈਂ ਇਨ੍ਹਾਂ ਬੱਚਿਆਂ ਦੇ ਸਕੂਲ ਅਧਿਆਪਕਾਂ ਦੀ ਪ੍ਰਸੰਸਾ ਕਰਦਾ ਹਾਂ, ਜਿਹੜੇ ਬਾਲਾਂ ਅੰਦਰ ਛੁਪੀ ਲਿਖਣ ਕਲਾ ਨੂੰ ਉਜਾਗਰ ਕਰਨ ਵਿਚ ਸਹਾਈ ਹੁੰਦੇ ਹਨ। ਬੱਚੀਆਂ ਵਲੋਂ ਐਨੀ ਛੋਟੀ ਉਮਰ ਵਿਚ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਸ਼ਾਨਦਾਰ ਪੁਸਤਕ ਪਾਈ ਹੈ ਮੈਂ ਸ਼ਾਬਾਸ਼ ਦਿੰਦਾ ਹਾਂ।
-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896
ਨਿੱਕੀ ਜਿਹੀ ਖ਼ੁਸ਼ੀ
ਲੇਖਿਕਾ : ਗੁਰਦੀਪ ਕੌਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 80 ਰੁਪਏ, ਸਫ਼ੇ : 24
ਸੰਪਰਕ : 92090-00001
'ਨਿੱਕੀ ਜਿਹੀ ਖ਼ੁਸ਼ੀ' ਵਿਦਿਆਰਥਣ ਲੇਖਿਕਾ ਗੁਰਦੀਪ ਕੌਰ ਦੀਆਂ ਬਾਲ ਕਹਾਣੀਆਂ ਦੀ ਪੁਸਤਕ ਹੈ। ਇਸ ਵਿਚ ਉਸ ਦੀਆਂ 7 ਬਾਲ ਕਹਾਣੀਆਂ ਸ਼ਾਮਿਲ ਹਨ। ਵਿਦਿਆਰਥਣ ਲੇਖਿਕਾ ਗੁਰਦੀਪ ਕੌਰ ਨੇ ਆਪਣੇ ਸਕੂਲੀ ਮਾਹੌਲ 'ਚੋਂ ਪ੍ਰਾਪਤ ਕੀਤੇ ਇਨ੍ਹਾਂ ਬਾਲ ਕਹਾਣੀਆਂ ਦੇ ਵਿਸ਼ੇ ਅਤੇ ਪਾਤਰਾਂ ਦੀ ਘਾੜਤ ਬਾਖ਼ੂਬੀ ਘੜੀ ਹੈ। ਠੇਠ ਪੇਂਡੂ ਸਰਲ ਭਾਸ਼ਾ ਇਨ੍ਹਾਂ ਬਾਲ ਕਹਾਣੀਆਂ ਨੂੰ ਹੋਰ ਸੁਆਦਲਾ ਬਣਾਉਂਦੀ ਹੈ। ਪਲੇਠੀ ਬਾਲ ਕਹਾਣੀ 'ਹੌਸਲਾ' 'ਚ ਉਸ ਨੇ ਮਿਸਾਲ ਦਿੱਤੀ ਹੈ ਕਿ ਦ੍ਰਿੜ੍ਹ ਇਰਾਦੇ, ਹੌਸਲੇ ਅਤੇ ਮਿਹਨਤ ਨਾਲ ਹਰ ਚੀਜ਼ ਸੰਭਵ ਹੋ ਸਕਦੀ ਹੈ। 'ਨਿੱਕੀ ਜਿਹੀ ਖ਼ਸ਼ੀ' ਇਕ ਦਿਆਲੂ ਕਿਸਮ ਦੇ ਲੜਕੇ ਦੀ ਕਹਾਣੀ ਹੈ ਜੋ ਕਿ ਕਿਸੇ ਦਾ ਭਲਾ ਕਰਕੇ ਉਸ 'ਚੋਂ ਆਪਣੀ ਨਿੱਕੀਆਂ-ਨਿੱਕੀਆਂ ਖੁਸ਼ੀਆਂ ਲੱਭਦਾ ਹੈ। 'ਸੁਪਨਾ' ਕਹਾਣੀ 'ਚ ਦਰਸਾਇਆ ਗਿਆ ਹੈ ਕਿ ਸਖਤ ਮਿਹਨਤ ਨਾਲ ਸਾਰੇ ਸੁਪਨੇ ਪੂਰੇ ਕੀਤੇ ਜਾ ਸਕਦੇ ਹਨ। 'ਸੱਚੇ ਦੋਸਤ' ਕਹਾਣੀ 'ਚ ਪ੍ਰੇਰਣਾ ਦਿੱਤੀ ਗਈ ਹੈ ਕਿ ਸੱਚਾ ਦੋਸਤ ਉਹ ਹੁੰਦਾ ਹੈ ਜੋ ਕਿ ਮੁਸ਼ਕਿਲ ਵਕਤ 'ਚ ਆਪਣੇ ਦੋਸਤ ਦੇ ਕੰਮ ਆਵੇ। 'ਰੌਸ਼ਨੀ' ਕਹਾਣੀ ਦੂਸਰੇ ਦੀ ਮੱਦਦ ਕਰਨ ਲਈ ਪ੍ਰੇਰਿਤ ਕਰਦੀ ਹੈ। ਇਸ ਤੋਂ ਇਲਾਵਾ 'ਰਾਸਤਾ', 'ਪਿਆਰ' ਆਦਿ ਬਾਲ ਕਹਾਣੀਆਂ ਵੀ ਰੌਚਿਕ ਅਤੇ ਪ੍ਰੇਰਣਾਦਾਇਕ ਹਨ। ਇਸ ਪੁਸਤਕ ਦੀਆਂ ਬਾਲ ਕਹਾਣੀਆਂ ਬਾਲ ਮਨਾਂ ਨੂੰ ਟੁੰਬਦੀਆਂ ਹਨ ਅਤੇ ਪ੍ਰੇਰਣਾਦਾਇਕ ਹੋਣ ਕਰਕੇ ਕੋਈ ਨਾ ਕੋਈ ਸਾਰਥਿਕ ਸੁਨੇਹਾ ਵੀ ਦਿੰਦੀਆਂ ਜਾਪਦੀਆਂ ਹਨ। ਇਸ ਵਿਦਿਆਰਥਣ ਲੇਖਿਕਾ ਤੋਂ ਭਵਿੱਖ 'ਚ ਬਾਲ ਸਾਹਿਤ ਦੀਆਂ ਹੋਰ ਵੀ ਵਧੀਆ ਰਚਨਾਵਾਂ ਦੀਆਂ ਸੰਭਾਵਨਾਵਾਂ ਹਨ। ਵਿਦਿਆਰਥਣ ਲੇਖਿਕਾ ਗੁਰਦੀਪ ਕੌਰ ਦੀਆਂ ਇਸ ਹਥਲੀ ਪੁਸਤਕ ਵਿਚਲੀਆਂ ਬਾਲ ਕਹਾਣੀਆਂ ਬਾਲ ਮਨਾਂ ਦੇ ਹਾਣ ਦੀਆਂ ਹੋਣ ਕਰਕੇ ਬਾਲ ਪਾਠਕਾਂ ਨੂੰ ਆਪਣੇ ਵੱਲ ਖਿੱਚ ਪਾਉਂਦੀਆਂ ਪ੍ਰਤੀਤ ਹੁੰਦੀਆਂ ਹਨ। ਇਸ ਪੁਸਤਕ ਦੀਆਂ ਬਾਲ ਕਹਾਣੀਆਂ ਨੂੰ ਆਪਣੀ ਚਿੱਤਰਕਲਾ ਨਾਲ ਸ਼ਿੰਗਾਰਨ ਵਾਲੇ ਵਿਦਿਆਰਥੀ ਅਨਮੋਲਪ੍ਰੀਤ ਸਿੰਘ ਦੇ ਯਤਨਾਂ ਦੀ ਵੀ ਭਰਪੂਰ ਪ੍ਰਸੰਸਾ ਕਰਨੀ ਬਣਦੀ ਹੈ, ਜਿਸ ਦੇ ਚਿੱਤਰਾਂ ਨੇ ਇਨ੍ਹਾਂ ਬਾਲ ਕਹਾਣੀਆਂ ਨੂੰ ਹੋਰ ਖ਼ੂਬਸੂਰਤ ਅਤੇ ਜਾਨਦਾਰ ਬਣਾ ਦਿੱਤਾ ਹੈ। ਤਾਰੇ ਭਲਕ ਦੇ ਬਾਲ ਪ੍ਰਤਿਭਾ ਮੰਚ, ਪਟਿਆਲਾ ਵਲੋਂ ਵਿਦਿਆਰਥੀ ਲੇਖਕਾਂ ਲਈ ਆਰੰਭੇ ਅਜਿਹੇ ਯਤਨ ਸ਼ਲਾਘਾਯੋਗ ਹਨ। ਬਾਲ ਸਾਹਿਤ 'ਚ ਇਸ ਰੌਚਿਕ ਬਾਲ ਕਹਾਣੀਆਂ ਦੀ ਪੁਸਤਕ ਦਾ ਤਹਿ ਦਿਲੋਂ ਸਵਾਗਤ ਹੈ।
-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625
ਰੂਹਾਂ ਦੇ ਗੀਤ
ਲੇਖਕ : ਡਾ. ਗੁਰਪ੍ਰੀਤ ਇੰਦਰ ਸਿੰਘ
ਪ੍ਰਕਾਸ਼ਕ : ਲੇਖਕ ਖ਼ੁਦ
ਸਫ਼ੇ : 92
ਪੰਜਾਬੀ ਭਾਸ਼ਾ ਵਿਚ ਕਈ ਨਵੀਆਂ ਪ੍ਰਵਿਤੀਆਂ ਨੇ ਜਨਮ ਲਿਆ ਹੈ। ਭਾਸ਼ਾ ਇਕ ਨਿੱਤ ਵਗਦਾ ਦਰਿਆ ਹੈ, ਜੋ ਸਦਾ ਨਵੀਆਂ ਤੋਂ ਨਵੀਆਂ ਭਾਸ਼ਾਵਾਂ ਨੂੰ ਜਨਮ ਦਿੰਦਾ ਹੈ ਸਮੇਂ ਦੀ ਲੋੜ ਹੀ ਨਵੀਆਂ ਭਾਸ਼ਾਵਾਂ ਦੇ ਪੈਦਾ ਹੋਣ ਦਾ ਮੂਲ ਕਾਰਨ ਹੁੰਦੀ ਹੈ। ਡਾ. ਗੁਰਪ੍ਰੀਤ ਇੰਦਰ ਸਿੰਘ ਮਨੋਰੋਗਾਂ ਦੇ ਮਾਹਰ ਹਨ ਉਨ੍ਹਾਂ ਦੀ ਪਲੇਠੀ ਪੁਸਤਕ 'ਰੂਹਾਂ ਦੇ ਗੀਤ' ਛਪ ਕੇ ਪਾਠਕਾਂ ਤੀਕ ਪੁੱਜੀ ਹੈ। ਇਸ ਕਿਤਾਬ ਵਿਚ 92 ਕਵਿਤਾਵਾਂ ਹਨ ਜੋ ਇਸ਼ਕ ਮਿਜਾਜ਼ੀ ਤੋਂ ਇਸ਼ਕ ਹਕੀਕੀ ਵੱਲ ਯਾਤਰਾ ਕਰਦੀਆਂ ਹਨ। ਸੌਖੇ, ਸਰਲ ਸ਼ਬਦਾਂ 'ਚ ਰੰਗੀਆਂ ਇਹ ਕਵਿਤਾਵਾਂ ਹਨ। ਰੱਬ ਨਾਲ ਗੱਲਾਂ ਕਰਨ ਵਾਲੇ ਸ਼ਬਦਾਂ ਨਾਲ ਜੋੜਦੀਆਂ ਇਹ ਕਵਿਤਾਵਾਂ ਕਿਸੇ ਸਥਾਪਿਤ ਲੇਖਕ ਦਾ ਭੁਲੇਖਾ ਪਾਉਂਦੀਆਂ ਹਨ ਅਤੇ ਮਾਨਵੀ ਸੰਵੇਦਨਾ ਨਾਲ ਓਤਪੋਤ ਹਨ। ਕਵੀ ਮੂਲ ਰੂਪ ਵਿਚ ਸੰਵੇਦਨਸ਼ੀਲ ਪ੍ਰਾਣੀ ਹੁੰਦਾ ਹੈ ਇਸ ਲਈ ਉਸ ਦੀ ਕਾਵਿਕ ਬਿਰਤੀ ਵਿਚੋਂ ਸੰਵਦੇਨਾ ਦੇ ਕਈ ਰੂਪ ਪ੍ਰਗਟ ਹੁੰਦੇ ਹਨ। ਰੂਹ ਦੇ ਵਿਭਿੰਨ ਦ੍ਰਿਸ਼ਾਂ ਵਿਚੋਂ ਸੰਵੇਦਨਾ ਦੀ ਝਲਕ ਦੇਖੀ ਜਾ ਸਕਦੀ ਹੈ।
ਇਸ਼ਕ ਮਿਜਾਜ਼ੀ ਤਾਂ ਸੀ, ਇਸ਼ਕ ਹਕੀਕੀ ਤੇ ਜਾਣ ਵਾਲਾ ਰਾਹ
ਅਸੀਂ ਇਸ਼ਕ ਮਿਜਾਜ਼ੀ ਦੀ ਖੁਸ਼ਬੂ ਵਿਚ, ਜਿੰਦ ਗਵਾ ਬੈਠੇ।
ਕਾਮਲ ਮੁਰਸ਼ਿਦ ਨੇ ਜਦੋਂ, ਕੀਤੀ ਨਦਰ ਦੀ ਨਿਗਾਹ
ਇਸ਼ਕ ਮਿਜਾਜ਼ੀ ਨੂੰ ਛੱਡ, ਹਕੀਕੀ ਨਾਲ ਦਿਲ ਲਾ ਬੈਠੇ।
ਅਸਲ ਕਾਵਿਕ ਰੂਹ ਵਿਚ ਇਕ ਪੂਰਾ ਮਨੁੱਖੀ ਸੰਸਾਰ, ਕਾਇਨਾਤ, ਬਨਸਪਤੀ ਆਦਿ ਦਾ ਬੋਲਬਾਲਾ ਹੈ। ਜੋ ਕਾਵਿਤਾ ਦੇ ਵਿਧਾਨ ਵਿਚ ਕਾਰਜਸ਼ੀਲ ਹੈ। ਰੂਹ ਦੇ ਗੀਤਾਂ ਦੇ ਬਹਾਨੇ ਇਹ ਚਸ਼ਮੇ ਵਾਂਗ ਫੁੱਟ ਰਹੇ ਖਿਆਲ ਹਨ ਜੋ ਵੱਖ-ਵੱਖ ਬਿੰਬਾਂ ਰਾਹੀਂ ਆਪਣਾ ਰੂਪ ਧਾਰਦੇ ਹਨ। ਕਵੀ ਕੋਲ ਕਾਵਿਕ ਰੂਹ ਨੂੰ ਫੈਲਾਉਣ ਦੀ ਸਮਰੱਥਾ ਹੈ। ਇਹ ਕਾਵਿ ਖਿਆਲ ਕਵਿਤਾਵਾਂ ਦਾ ਅਭਾਸ ਕਰਾਉਂਦੇ ਹਨ, ਕਾਵਿਤਾਵਾਂ ਬਿਰਤਾਂਤਕ ਨਹੀਂ ਪਰ ਇਨ੍ਹਾਂ ਵਿਚ ਬਿਰਤਾਂਤ ਦੇ ਬੀਜ ਪਏ ਨਜ਼ਰ ਆਉਂਦੇ ਹਨ। ਪਰਾਗਾ ਵੀ ਹੋਵੇ, ਮਿੱਠੀਆਂ ਮੁਹੱਬਤਾਂ ਦੀ ਚੰਗੇਰ ਵੀ ਹੋਵੇ, ਪਰ ਫਿਰ ਵੀ ਖਿਲਾਰਾ ਸਾਂਭਣਾ ਬੜਾ ਔਖਾ ਹੋ ਜਾਂਦਾ ਹੈ। ਹਰ ਰਚਨਾ ਦੇ ਸਿਰਜਣ ਪਲ ਵਿਚ ਭਾਸ਼ਾਈ ਮੁਹਾਂਦਰਾ ਪਿਆ ਹੁੰਦਾ ਹੈ ਜੋ ਕਈ ਖਿਆਲਾਂ, ਵਿਚਾਰਾਂ ਦੇ ਦਵੰਦ ਨੂੰ ਪੇਸ਼ ਕਰਨ ਦੇ ਸਮੱਰਥ ਹੁੰਦਾ ਹੈ। ਕਵੀ ਰੂਹ ਦੇ ਗੀਤ ਗਾਉਂਦਾ ਆਪਣੇ ਕਾਵਿ ਸੰਸਾਰ ਦੀ ਸਿਰਜਣਾ ਕਰਕੇ ਆਪਣੀ ਕਾਵਿਕ ਸਮੱਰਥਾ ਦਾ ਬਖੂਬੀ ਇਜ਼ਹਾਰ ਹਥਲੀ ਪੁਸਤਕ ਵਿਚ ਕਰਦਾ ਹੈ। ਡਾ. ਗੁਰਪ੍ਰੀਤ ਇੰਦਰ ਸਿੰਘ ਨੇ ਜਿਥੇ ਮਾਨਸਿਕ ਰੋਗੀ ਤੇ ਨਸ਼ਿਆਂ 'ਚ ਗਰਕ ਹੋ ਚੁਕੇ ਲੋਕਾਂ ਨੂੰ ਰੀਝ ਨਾਲ ਪੜ੍ਹਿਆ ਵਾਚਿਆ ਤੇ ਇਲਾਜ ਕੀਤਾ ਹੈ, ਏਵੇਂ ਹੀ ਉਹ ਆਪਣੀ ਕਵਿਤਾ ਨਾਲ ਵਿਵਹਾਰਕ ਸੰਵਾਦ ਰਚਾਉਂਦਾ ਹੈ।
ਮੇਰੀ ਚੁੱਪ ਨੂੰ ਤੂੰ,
ਨਾਸਮਝੀ ਸਮਝ ਬੈਠੀ
ਇਹ ਤਾਂ ਤੇਰੇ ਮੂਰਖਪੁਣੇ 'ਤੇ
ਨਾ ਬੋਲਣ ਦੀ ਤਾਕੀਦ ਸੀ।
ਇਸ ਅਖੀਰਲੀ ਕਵਿਤਾ ਨਾਲ ਹੀ ਉਸ ਦੀ ਕਿਤਾਬ ਮੁਕੰਮਲ ਹੋ ਜਾਂਦੀ ਹੈ। ਮੈਂ ਇਸ ਪੁਸਤਕ ਨੂੰ ਜੀ ਆਇਆਂ ਕਹਿੰਦਾ ਹਾਂ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570