ਪਾਕਿਸਤਾਨ: ਇਕ ਮਾਮਲੇ ਵਿਚ ਜ਼ਮਾਨਤ ਮਿਲਣ ਤੋਂ ਬਾਅਦ ਦੂਜੇ ਮਾਮਲੇ ’ਚ ਗਿ੍ਫ਼ਤਾਰ ਹੋਏ ਇਮਰਾਨ ਖ਼ਾਨ
ਇਸਲਾਮਾਬਾਦ, 21 ਨਵੰਬਰ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਜੇਲ੍ਹ ਤੋਂ ਰਿਹਾਈ ਦੀ ਉਮੀਦ ਉਸ ਸਮੇਂ ਖਤਮ ਹੋ ਗਈ ਜਦੋਂ ਭ੍ਰਿਸ਼ਟਾਚਾਰ ਦੇ ਇਕ ਮਾਮਲੇ ’ਚ ਜ਼ਮਾਨਤ ਮਿਲਣ ਦੇ ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਨੂੰ ਇਕ ਨਵੇਂ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ ਗਿਆ। ਖਾਨ ਇਕ ਸਾਲ ਤੋਂ ਵੱਧ ਸਮੇਂ ਤੋਂ ਰਾਵਲਪਿੰਡੀ ਦੀ ਉੱਚ ਸੁਰੱਖਿਆ ਵਾਲੀ ਅਡਿਆਲਾ ਜੇਲ੍ਹ ਵਿਚ ਬੰਦ ਹੈ। ਇਸਲਾਮਾਬਾਦ ਹਾਈ ਕੋਰਟ ਨੇ ਬੀਤੇ ਦਿਨ ਤੋਸ਼ਾਖਾਨਾ ਮਾਮਲੇ ’ਚ ਇਮਰਾਨ ਖਾਨ ਨੂੰ ਜ਼ਮਾਨਤ ਦੇ ਦਿੱਤੀ, ਜਿਸ ’ਚ ਉਨ੍ਹਾਂ ’ਤੇ ਮਹਿੰਗੇ ਬੁਲਗਾਰੀ ਗਹਿਣਿਆਂ ਦੇ ਸੈੱਟ ਬਹੁਤ ਸਸਤੇ ਮੁੱਲ ’ਤੇ ਖਰੀਦਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਜ਼ਮਾਨਤ ਦੇ ਮਿਲਣ ਨਾਲ ਖ਼ਾਨ ਦੇ ਜੇਲ੍ਹ ਤੋਂ ਰਿਹਾਅ ਹੋਣ ਦੀਆਂ ਉਮੀਦਾਂ ਪੈਦਾ ਹੋ ਗਈਆਂ ਸਨ ਪਰ ਕੁਝ ਘੰਟਿਆਂ ਬਾਅਦ ਇਮਰਾਨ ਖ਼ਾਨ ਨੂੰ ਰਾਵਲਪਿੰਡੀ ਪੁਲਿਸ ਨੇ ਇਕ ਹੋਰ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ। ਇਹ ਮਾਮਲਾ 28 ਸਤੰਬਰ ਨੂੰ ਰਾਵਲਪਿੰਡੀ ਦੇ ਨਿਊਟਾਊਨ ਥਾਣੇ ’ਚ ਅੱਤਵਾਦ ਅਤੇ ਹੋਰ ਦੋਸ਼ਾਂ ਤਹਿਤ ਦਰਜ ਕੀਤਾ ਗਿਆ ਸੀ।