25 ਸਾਲਾਂ ਨੌਜਵਾਨ ਦਾ ਕਿਰਚ ਮਾਰ ਕੇ ਕਤਲ
ਡੇਰਾ ਬਾਬਾ ਨਾਨਕ, (ਗੁਰਦਾਸਪੁਰ), 21 ਨਵੰਬਰ (ਅਵਤਾਰ ਸਿੰਘ ਰੰਧਾਵਾ)- ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਪਿੰਡ ਧਰਮਕੋਟ ਪੱਤਣ ਦੇ 25 ਸਾਲਾ ਨੌਜਵਾਨ ਦਾ ਦੋਸਤਾਂ ਵਲੋਂ ਘਰੋਂ ਬੁਲਾ ਕੇ ਕਿਰਚ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਹੈ। ਇਸ ਉਪਰੰਤ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਮਿਲਣ ’ਤੇ ਅੱਜ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਨਾਲ ਲੱਗਦੀ ਪੁਲਿਸ ਚੌਂਕੀ ਧਰਮਕੋਟ ਰੰਧਾਵਾ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਹੋਰਨਾਂ ਸਮੇਤ ਮ੍ਰਿਤਕ ਦੀ ਮਾਤਾ ਰੋਜੀ ਨੇ ਦੱਸਿਆ ਕਿ ਮੇਰਾ ਬੇਟਾ ਸਚਿਨ ਮਸੀਹ ਪੁੱਤਰ ਬੱਗਾ ਮਸੀਹ, ਜੋ ਕਿ ਪੀ.ਡਬਯੂ.ਡੀ ਵਿਭਾਗ ਵਿਚ ਨੌਕਰੀ ਕਰਦਾ ਹੈ। ਡਿਊਟੀ ਉਪਰੰਤ ਬੀਤੇ ਕੱਲ੍ਹ ਨਾਲ ਲੱਗਦੇ ਝੰਗੀ ਪਿੰਡ ਦੇ ਦੋਸਤਾਂ ਵਲੋਂ ਘਰ ਬੁਲਾ ਕੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਅਤੇ ਬਾਅਦ ਵਿਚ ਪਰਿਵਾਰ ਨੂੰ ਦੱਸੇ ਬਿਨਾਂ ਉਸ ਨੂੰ ਖੁਦ ਆਪ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਲੈ ਕੇ ਗਏ ਅਤੇ ਉਸ ਦੇ ਫੋਨ ਤੋਂ ਸਾਨੂੰ ਫੋਨ ਕੀਤਾ ਕਿ ਤੁਹਾਡੇ ਬੇਟੇ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਨਾ ਹੋਈ ਤਾਂ ਉਹ ਪੁਲਿਸ ਚੌਂਕੀ ਦਾ ਘਿਰਾਓ ਕਰਨਗੇ।