ਗੌਤਮ ਅਡਾਨੀ ’ਤੇ ਨਿਊਯਾਰਕ ਵਿਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਲੱਗਾ ਦੋਸ਼
ਨਿਊਯਾਰਕ, 21 ਨਵੰਬਰ- ਨਿਊਯਾਰਕ ਦੀ ਫੈਡਰਲ ਕੋਰਟ ’ਚ ਹੋਈ ਸੁਣਵਾਈ ’ਚ ਗੌਤਮ ਅਡਾਨੀ ਸਮੇਤ 8 ਲੋਕਾਂ ’ਤੇ ਅਰਬਾਂ ਦੀ ਧੋਖਾਧੜੀ ਅਤੇ ਰਿਸ਼ਵਤਖੋਰੀ ਦਾ ਦੋਸ਼ ਲਗਾਇਆ ਗਿਆ ਹੈ। ਸੰਯੁਕਤ ਰਾਜ ਦੇ ਅਟਾਰਨੀ ਦਫ਼ਤਰ ਦਾ ਕਹਿਣਾ ਹੈ ਕਿ ਅਡਾਨੀ ਨੇ ਭਾਰਤ ਵਿਚ ਸੂਰਜੀ ਊਰਜਾ ਨਾਲ ਸੰਬੰਧਿਤ ਠੇਕੇ ਹਾਸਲ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ 250 ਮਿਲੀਅਨ ਡਾਲਰ (ਕਰੀਬ 2110 ਕਰੋੜ ਰੁਪਏ) ਦੀ ਰਿਸ਼ਵਤ ਦਿੱਤੀ ਹੈ ਜਾਂ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਹ ਪੂਰਾ ਮਾਮਲਾ ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਅਤੇ ਇਕ ਹੋਰ ਫਰਮ ਨਾਲ ਸੰਬੰਧਿਤ ਹੈ। ਇਹ ਮਾਮਲਾ 24 ਅਕਤੂਬਰ 2024 ਨੂੰ ਅਮਰੀਕੀ ਅਦਾਲਤ ਵਿਚ ਦਰਜ ਕੀਤਾ ਗਿਆ ਸੀ, ਜਿਸ ਦੀ ਸੁਣਵਾਈ ਬੀਤੇ ਦਿਨ ਹੋਈ। ਅਡਾਨੀ ਤੋਂ ਇਲਾਵਾ ਸਾਗਰ ਅਡਾਨੀ, ਵਿਨੀਤ ਐਸ ਜੈਨ, ਰਣਜੀਤ ਗੁਪਤਾ, ਸਿਰਿਲ ਕੈਬੇਨਿਸ, ਸੌਰਭ ਅਗਰਵਾਲ, ਦੀਪਕ ਮਲਹੋਤਰਾ ਅਤੇ ਰੁਪੇਸ਼ ਅਗਰਵਾਲ ਸ਼ਾਮਿਲ ਹਨ। ਅਡਾਨੀ ’ਤੇ ਰਿਸ਼ਵਤ ਦੀ ਇਹ ਰਕਮ ਇਕੱਠੀ ਕਰਨ ਲਈ ਅਮਰੀਕੀ, ਵਿਦੇਸ਼ੀ ਨਿਵੇਸ਼ਕਾਂ ਅਤੇ ਬੈਂਕਾਂ ਨਾਲ ਝੂਠ ਬੋਲਣ ਦਾ ਦੋਸ਼ ਹੈ। ਸਾਗਰ ਅਤੇ ਵਿਨੀਤ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਦੇ ਅਧਿਕਾਰੀ ਹਨ। ਸਾਗਰ ਗੌਤਮ ਅਡਾਨੀ ਦਾ ਭਤੀਜਾ ਹੈ। ਜਾਣਕਾਰੀ ਅਨੁਸਾਰ ਗੌਤਮ ਅਡਾਨੀ ਅਤੇ ਸਾਗਰ ਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਇਹ ਕੇਸ ਅਮਰੀਕਾ ਵਿਚ ਇਸ ਲਈ ਦਰਜ ਕੀਤਾ ਗਿਆ ਸੀ ਕਿਉਂਕਿ ਅਮਰੀਕੀ ਨਿਵੇਸ਼ਕਾਂ ਦਾ ਪੈਸਾ ਇਸ ਪ੍ਰਾਜੈਕਟ ਵਿਚ ਲਗਾਇਆ ਗਿਆ ਸੀ ਅਤੇ ਅਮਰੀਕੀ ਕਾਨੂੰਨ ਦੇ ਤਹਿਤ ਉਸ ਪੈਸੇ ਨੂੰ ਰਿਸ਼ਵਤ ਵਜੋਂ ਦੇਣਾ ਅਪਰਾਧ ਹੈ। ਬੁੱਧਵਾਰ ਨੂੰ ਹੀ ਅਡਾਨੀ ਨੇ 20 ਸਾਲ ਦੇ ਗ੍ਰੀਨ ਬਾਂਡ ਦੀ ਵਿਕਰੀ ਤੋਂ 600 ਮਿਲੀਅਨ ਡਾਲਰ (5064 ਕਰੋੜ ਰੁਪਏ) ਜੁਟਾਉਣ ਦਾ ਐਲਾਨ ਕੀਤਾ ਸੀ। ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ’ਤੇ ਧੋਖਾਧੜੀ ਦਾ ਦੋਸ਼ ਲਗਾਇਆ ਗਿਆ।