JALANDHAR WEATHER

ਕੇਂਦਰ ਨਾ ਸਿਰਫ ਵਾਂਗਚੁਕ ਦੇ ਪਰਿਵਾਰ ਤੋਂ, ਸਗੋਂ ਲੱਦਾਖੀਆਂ ਤੋਂ ਵੀ ਮੁਆਫੀ ਮੰਗੇ- ਕਾਂਗਰਸ

ਨਵੀਂ ਦਿੱਲੀ, 14 ਮਾਰਚ (ਪੀ.ਟੀ.ਆਈ.)- ਕਾਂਗਰਸ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਐਨਐਸਏ ਲਗਾ ਕੇ ਨਜ਼ਰਬੰਦ ਕੀਤੇ ਤੇ ਫਿਰ ਰਿਹਾ ਕੀਤੇ ਸੋਨਮ ਵਾਂਗਚੁਕ, ਉਸਦੇ ਪਰਿਵਾਰ ਤੇ ਲੱਦਾਖ ਦੇ ਲੋਕਾਂ ਤੋਂ ਮੁਆਫੀ ਮੰਗੇ। ਕਾਂਗਰਸ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ "ਪੂਰੀ ਤਰ੍ਹਾਂ ਬੇਨਕਾਬ" ਹੋ ਗਈ ਹੈ ਕਿਉਂਕਿ ਇਸਨੇ ਵਾਂਗਚੁਕ ਨੂੰ "ਪੂਰੀ ਤਰ੍ਹਾਂ ਜਾਅਲੀ ਆਧਾਰਾਂ" 'ਤੇ "ਗ੍ਰਿਫਤਾਰ" ਕੀਤਾ ਸੀ।

ਕਰੀਬ 6 ਮਹੀਨਿਆਂ ਦੀ ਕੈਦ ਤੋਂ ਬਾਅਦ ਸ਼ਨੀਵਾਰ ਦੁਪਹਿਰ ਨੂੰ ਵਾਂਗਚੁਕ ਨੂੰ ਜੋਧਪੁਰ ਕੇਂਦਰੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਕਾਂਗਰਸ ਦੇ ਜਨਰਲ ਸਕੱਤਰ, ਸੰਚਾਰ, ਜੈਰਾਮ ਰਮੇਸ਼ ਨੇ ਕਿਹਾ ਕਿ ਸਰਕਾਰ ਨੂੰ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰਨ ਲਈ ਹਿਰਾਸਤ ਵਿਚ ਲਏ ਗਏ ਸਾਰੇ ਲੋਕਾਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ। ਇਕ ਸੋਸ਼ਲ ਮੀਡੀਆ ਪੋਸਟ ਅਨੁਸਾਰ, "ਇੰਡੀਅਨ ਨੈਸ਼ਨਲ ਕਾਂਗਰਸ ਨੇ 6 ਮਹੀਨੇ ਪਹਿਲਾਂ ਪੂਰੀ ਤਰ੍ਹਾਂ ਜਾਅਲੀ ਆਧਾਰਾਂ 'ਤੇ ਸੋਨਮ ਵਾਂਗਚੁਕ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਸੀ। ਹੁਣ ਮੋਦੀ ਸਰਕਾਰ ਨੇ ਪੂਰੀ ਤਰ੍ਹਾਂ ਯੂ-ਟਰਨ ਲੈ ਲਿਆ ਹੈ ਤੇ ਉਸ ਤੋਂ ਐਨਐਸਏ ਹਟਾ ਕੇ ਸੋਨਮ ਵਾਂਗਚੁਕ ਨੂੰ ਰਿਹਾ ਕਰ ਦਿੱਤਾ ਹੈ।  ਕਾਂਗਰਸ ਨੇ ਕਿਹਾ ਹੈ ਕਿ ਇਹ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਹੈ ਵਾਂਗਚੁਕ ਨੂੰ ਜਾਅਲੀ ਅਧਾਰਾਂ ਉਤੇ ਗ੍ਰਿਫਤਾਰ ਕੀਤਾ ਗਿਆ ਸੀ। ਇਸ ਲਈ ਕੇਂਦਰ ਸਰਕਾਰ ਨੂੰ ਨਾ ਸਿਰਫ਼ ਸ਼੍ਰੀ ਵਾਂਗਚੁਕ ਅਤੇ ਉਨ੍ਹਾਂ ਦੇ ਪਰਿਵਾਰ ਤੋਂ, ਸਗੋਂ ਲੱਦਾਖ ਦੇ ਲੋਕਾਂ ਤੋਂ ਵੀ ਮੁਆਫੀ ਮੰਗਣੀ ਚਾਹੀਦੀ ਹੈ।"

ਜ਼ਿਕਰਯੋਗ ਹੈ ਕਿ ਲੱਦਾਖ ਪ੍ਰਸ਼ਾਸਨ ਨੇ ਲੇਹ ਵਿਚ ਹਿੰਸਾ ਭੜਕਾਉਣ ਦੇ ਦੋਸ਼ ਵਿਚ 26 ਸਤੰਬਰ, 2025 ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਅਧੀਨ ਵਾਂਗਚੁਕ ਨੂੰ ਹਿਰਾਸਤ ਵਿਚ ਲਿਆ ਸੀ। ਉਹ ਉਦੋਂ ਤੋਂ ਜੋਧਪੁਰ ਜੇਲ੍ਹ ਵਿਚ ਬੰਦ ਸੀ। ਇਸ ਹਿੰਸਾ ਵਿਚ 4 ਲੋਕਾਂ ਦੀ ਮੌਤ ਹੋ ਗਈ ਸੀ ਅਤੇ 150 ਤੋਂ ਵੱਧ ਜ਼ਖਮੀ ਹੋ ਗਏ ਸਨ। ਵਾਂਗਚੁਕ ਨੂੰ ਗ੍ਰਿਫ਼ਤਾਰ ਕੀਤੇ ਲਗਭਗ ਸਾਢੇ ਪੰਜ ਮਹੀਨੇ ਹੋ ਗਏ ਸਨ। ਉਸ ਨੂੰ ਲਗਭਗ 170 ਦਿਨਾਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਐਨ.ਐਸ.ਏ. ਸਰਕਾਰ ਨੂੰ ਰਾਸ਼ਟਰੀ ਸੁਰੱਖਿਆ ਜਾਂ ਜਨਤਕ ਵਿਵਸਥਾ ਲਈ ਖ਼ਤਰਾ ਪੈਦਾ ਕਰਨ ਵਾਲੇ ਵਿਅਕਤੀਆਂ ਨੂੰ ਹਿਰਾਸਤ ਵਿਚ ਲੈਣ ਦੀ ਸ਼ਕਤੀ ਦਿੰਦਾ ਹੈ। ਇਸ ਕਾਨੂੰਨ ਤਹਿਤ ਇਕ ਵਿਅਕਤੀ ਨੂੰ ਵੱਧ ਤੋਂ ਵੱਧ 12 ਮਹੀਨਿਆਂ ਲਈ ਹਿਰਾਸਤ ਵਿਚ ਰੱਖਿਆ ਜਾ ਸਕਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ