ਕਾਰਪੋਰੇਟਾਂ ਨੂੰ ਲੱਖਾਂ ਕਰੋੜਾਂ ਦੀ ਰਾਹਤ, ਕਿਸਾਨਾਂ ਨੂੰ ਸਿਰਫ਼ ਦਿਲਾਸੇ,ਸੰਤ ਸੀਚੇਵਾਲ ਨੇ ਰਾਜ ਸਭਾ ਵਿਚ ਉਠਾਏ ਸਵਾਲ
ਸੁਲਤਾਨਪੁਰ ਲੋਧੀ , 4 ਫਰਵਰੀ(ਥਿੰਦ) - ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਪਾਰਲੀਮੈਂਟ ਵਿਚ ਕਿਸਾਨਾਂ ਦੇ ਹੱਕ ਵਿਚ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਗਏ ਅੰਕੜੇ ਕਿਸਾਨ ਵਿਰੋਧੀ ਅਤੇ ਕਾਰਪੋਰੇਟ-ਪੱਖੀ ਨੀਤੀ ਨੂੰ ਸਪੱਸ਼ਟ ਤੌਰ ’ਤੇ ਬੇਨਕਾਬ ਕਰਦੇ ਹਨ। ਸਰਕਾਰ ਦੇ ਜਵਾਬ ਮੁਤਾਬਿਕ ਦੇਸ਼ ਦੇ ਵੱਡੇ ਕਾਰਪੋਰੇਟ ਘਰਾਣਿਆਂ ਦੇ 9.86 ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ “ਰਿਟਨ-ਆਫ” ਕੀਤੇ ਗਏ ਹਨ, ਜੋ ਅਸਲ ਵਿਚ ਇਕ ਤਰ੍ਹਾਂ ਦੀ ਕਰਜ਼ਾ ਮੁਆਫ਼ੀ ਹੀ ਹੈ। ਇਸ ਦੇ ਉਲਟ, ਖੇਤੀਬਾੜੀ ਅਤੇ ਸਹਾਇਕ ਖੇਤਰਾਂ ਨੂੰ ਸਿਰਫ਼ 1.67 ਲੱਖ ਕਰੋੜ ਰੁਪਏ ਦੀ ਰਾਹਤ ਮਿਲੀ ਹੈ, ਜੋ ਕਿ ਇਸ ਦੇ ਮੁਕਾਬਲੇ ਬਹੁਤ ਹੀ ਘੱਟ ਹੈ । ਰਾਜ ਸਭਾ ਵਿਚ ਕੇਂਦਰੀ ਮੰਤਰੀ ਪੰਕਜ ਚੌਧਰੀ ਵਲੋਂ ਪੇਸ਼ ਕੀਤੇ ਸਰਕਾਰੀ ਅੰਕੜਿਆਂ ਅਨੁਸਾਰ 2014 ਤੋਂ ਲੈ ਕੇ 30 ਸਤੰਬਰ 2025 ਤੱਕ ਸਿਰਫ਼ ਵੱਡੇ ਉਦਯੋਗਾਂ ਦੇ ਲਗਭਗ 7.21 ਲੱਖ ਕਰੋੜ ਰੁਪਏ ਦੇ ਕਰਜ਼ੇ “ਰਿਟਨ-ਆਫ” ਕੀਤੇ ਗਏ ਹਨ, ਜਦਕਿ ਵੱਡੇ ਵਪਾਰੀਆਂ ਨੂੰ ਵੀ 2.65 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਾਹਤ ਦਿੱਤੀ ਗਈ ਹੈ। ਇਸ ਦੇ ਮੁਕਾਬਲੇ ਵਿਚ ਖੇਤੀਬਾੜੀ ਖੇਤਰ ਲਈ ਕਰਜ਼ਾ ਮੁਆਫ਼ੀ ਦੀ ਰਕਮ ਬਹੁਤ ਹੀ ਘੱਟ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ, “ਜਦੋਂ ਵੱਡੇ ਕਾਰਪੋਰੇਟ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਨਹੀਂ ਚੁਕਾਉਂਦੇ, ਤਾਂ ਉਸ ਨੂੰ ਨੀਤੀ ਦੇ ਨਾਂਅ ’ਤੇ ‘ਰਿਟਨ-ਆਫ’ ਕਰ ਦਿੱਤਾ ਜਾਂਦਾ ਹੈ। ਪਰ ਜਦੋਂ ਕਿਸਾਨ ਮੌਸਮ ਦੀ ਮਾਰ, ਫ਼ਸਲਾਂ ਦੇ ਨੁਕਸਾਨ ਅਤੇ ਘੱਟ ਸਮਰਥਨ ਮੁੱਲ ਕਾਰਨ ਕਰਜ਼ੇ ਦੇ ਬੋਝ ਹੇਠ ਦੱਬਦਾ ਹੈ, ਤਾਂ ਉਸ ਨੂੰ ਕਰਜ਼ਾ ਮੁਆਫ਼ੀ ਨਹੀਂ ਮਿਲਦੀ, ਸਗੋਂ ਸਵਾਲਾਂ ਅਤੇ ਸ਼ਰਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।”
;
;
;
;
;
;
;
;
;