ਮਨੀਪੁਰ : 5 ਜ਼ਿਲ੍ਹਿਆਂ ਵਿਚ ਇੰਟਰਨੈੱਟ ਬੰਦ, ਬਿਸ਼ਨੂਪੁਰ ਵਿਚ ਲੱਗਾ ਕਰਫਿਊ

ਇੰਫਾਲ , 8 ਜੂਨ - ਮਤੇਈ ਕੱਟੜਪੰਥੀ ਸੰਗਠਨ 'ਅਰਾਮਬਾਈ ਟੇਂਗੋਲੇ' ਦੇ ਨੇਤਾ ਦੀ ਕਥਿਤ ਗ੍ਰਿਫ਼ਤਾਰੀ ਤੋਂ ਬਾਅਦ ਇੰਫਾਲ ਪੂਰਬੀ ਅਤੇ ਇੰਫਾਲ ਪੱਛਮੀ ਜ਼ਿਲ੍ਹਿਆਂ ਵਿਚ ਵਿਆਪਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਮਨੀਪੁਰ ਨੇ ਘਾਟੀ ਦੇ ਪੰਜ ਜ਼ਿਲ੍ਹਿਆਂ ਦੇ ਖੇਤਰੀ ਅਧਿਕਾਰ ਖੇਤਰ ਵਿਚ ਪੰਜ ਦਿਨਾਂ ਲਈ ਇੰਟਰਨੈੱਟ ਅਤੇ ਮੋਬਾਈਲ ਡਾਟਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਮਣੀਪੁਰ ਦੇ ਕਮਿਸ਼ਨਰ-ਕਮ-ਸਕੱਤਰ (ਗ੍ਰਹਿ) ਐਨ. ਅਸ਼ੋਕ ਕੁਮਾਰ ਨੇ ਇਕ ਹੁਕਮ ਵਿਚ ਕਿਹਾ ਕਿ ਮਨੀਪੁਰ ਰਾਜ ਵਿਚ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਖਾਸ ਕਰਕੇ ਇੰਫਾਲ ਪੱਛਮੀ, ਇੰਫਾਲ ਪੂਰਬੀ, ਥੌਬਲ, ਕਾਕਚਿੰਗ ਅਤੇ ਬਿਸ਼ਨੂਪੁਰ ਜ਼ਿਲ੍ਹਿਆਂ ਵਿਚ ਇਹ ਖਦਸ਼ਾ ਹੈ ਕਿ ਕੁਝ ਸਮਾਜ ਵਿਰੋਧੀ ਤੱਤ ਜਨਤਕ ਭਾਵਨਾਵਾਂ ਨੂੰ ਭੜਕਾਉਣ ਵਾਲੀਆਂ ਤਸਵੀਰਾਂ, ਨਫ਼ਰਤ ਭਰੇ ਭਾਸ਼ਣ ਅਤੇ ਨਫ਼ਰਤ ਭਰੇ ਵੀਡੀਓ ਸੁਨੇਹਿਆਂ ਦੇ ਪ੍ਰਸਾਰਣ ਲਈ ਸੋਸ਼ਲ ਮੀਡੀਆ ਦੀ ਵਿਆਪਕ ਵਰਤੋਂ ਕਰ ਸਕਦੇ ਹਨ, ਜਿਸ ਦਾ ਮਨੀਪੁਰ ਰਾਜ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ। ਦਰਅਸਲ ਮਤੇਈ ਭਾਈਚਾਰੇ ਦੇ ਨੇਤਾ ਕਾਨਨ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਨੀਪੁਰ ਇਕ ਵਾਰ ਫਿਰ ਹਿੰਸਾ ਦੀ ਅੱਗ ਵਿਚ ਭੜਕ ਉੱਠਿਆ। ਰਾਜਧਾਨੀ ਇੰਫਾਲ ਸਮੇਤ ਕਈ ਜ਼ਿਲ੍ਹਿਆਂ ਵਿਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਸੀ.ਬੀ.ਆਈ. ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਨੇ ਉਸ ਨੂੰ ਇੰਫਾਲ ਹਵਾਈ ਅੱਡੇ ਤੋਂ ਗ੍ਰਿਫ਼ਤਾਰੀ ਕਰ ਲਿਆ। ਕਾਨਨ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਏ ਹਨ।