ਮੋਗਾ ਵਿਖੇ ਪੁਲਿਸ ਇਨਕਾਊਂਟਰ 'ਚ ਬੰਬੀਹਾ ਗੈਂਗ ਦਾ 1 ਵਿਅਕਤੀ ਗ੍ਰਿਫਤਾਰ, ਪੈਰ 'ਚ ਲੱਗੀ ਗੋਲੀ

ਚੰਡੀਗੜ੍ਹ, 12 ਮਾਰਚ-ਅਪਰਾਧ ਵਿਰੁੱਧ ਇਕ ਵੱਡੀ ਸਫਲਤਾ ਵਿਚ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਪੰਜਾਬ ਨੇ ਮੋਗਾ ਨਾਲ ਸਾਂਝੇ ਆਪ੍ਰੇਸ਼ਨ ਵਿਚ ਮਲਕੀਤ ਸਿੰਘ ਉਰਫ਼ ਮਨੂ ਪੁੱਤਰ ਜਗਸੀਰ ਸਿੰਘ ਵਾਸੀ ਦੋਸਾਂਝ ਤਲਵੰਡੀ, ਮੋਗਾ ਨੂੰ ਦੋਸਾਂਝ ਰੋਡ, ਮੋਗਾ ਸ਼ਹਿਰ ਨੇੜੇ ਗੋਲੀਬਾਰੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਏ.ਜੀ.ਟੀ.ਐਫ. ਟੀਮ ਦੁਆਰਾ ਕੀਤੀ ਗਈ ਜਵਾਬੀ ਗੋਲੀਬਾਰੀ ਵਿਚ ਗ੍ਰਿਫ਼ਤਾਰ ਦੋਸ਼ੀ ਮਲਕੀਤ ਸਿੰਘ ਉਰਫ਼ ਮਨੂ ਨੂੰ ਉਸਦੇ ਖੱਬੇ ਗੋਡੇ 'ਤੇ ਗੋਲੀ ਲੱਗੀ ਹੈ। ਮਨੂ 19-02-2025 ਨੂੰ ਮੋਗਾ ਦੇ ਪਿੰਡ ਕਪੂਰਾ ਵਿਚ ਹਾਲ ਹੀ ਵਿਚ ਹੋਏ ਕਤਲ ਵਿਚ ਸ਼ਾਮਿਲ ਸੀ ਅਤੇ 26-02-2025 ਨੂੰ ਰਾਜਾ ਢਾਬਾ, ਜਗਰਾਉਂ ਵਿਖੇ ਇਕ ਹੋਰ ਗੋਲੀਬਾਰੀ ਦੀ ਘਟਨਾ ਵਿਚ ਵੀ ਸ਼ਾਮਿਲ ਸੀ। ਉਸਦਾ ਅਪਰਾਧਿਕ ਪਿਛੋਕੜ ਹੈ ਅਤੇ ਉਹ ਦਵਿੰਦਰ ਬੰਬੀਹਾ ਗੈਂਗ ਦਾ ਸਰਗਰਮ ਸਾਥੀ ਸੀ। ਬਰਾਮਦਗੀ ਵਿਚ ਇਕ .32 ਕੈਲੀਬਰ ਪਿਸਤੌਲ ਅਤੇ 4 ਜ਼ਿੰਦਾ ਕਾਰਤੂਸ ਮਿਲੇ ਹਨ। ਜਾਂਚ ਜਾਰੀ ਹੈ। ਇਸ ਸੰਬੰਧੀ ਡੀ.ਜੀ.ਪੀ. ਪੰਜਾਬ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।