ਭਾਰਤੀ ਕੁਸ਼ਤੀ ਸੰਘ ਦੀ ਮੁਅੱਤਲੀ ਹੋਈ ਰੱਦ

ਨਵੀਂ ਦਿੱਲੀ, 11 ਮਾਰਚ- ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਭਾਰਤੀ ਕੁਸ਼ਤੀ ਸੰਘ ਦੀ ਮੁਅੱਤਲੀ ਰੱਦ ਕਰ ਦਿੱਤੀ ਹੈ ਅਤੇ ਕੁਸ਼ਤੀ ਲਈ ਰਾਸ਼ਟਰੀ ਖੇਡ ਫੈਡਰੇਸ਼ਨ ਵਜੋਂ ਇਸਦੀ ਮਾਨਤਾ ਬਹਾਲ ਕਰ ਦਿੱਤੀ ਹੈ। ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਇਸ ਨਾਲ ਵੱਡੀ ਰਾਹਤ ਮਿਲੀ ਹੈ। ਫੈਡਰੇਸ਼ਨ ਵਿਚ ਪਿਛਲੇ ਕੁਝ ਸਾਲਾਂ ਤੋਂ ਇਕ ਵਿਵਾਦ ਚੱਲ ਰਿਹਾ ਸੀ। ਖੇਡ ਮੰਤਰਾਲੇ ਨੇ ਸੰਜੇ ਸਿੰਘ ਦੀ ਅਗਵਾਈ ਵਾਲੀ ਭਾਰਤੀ ਕੁਸ਼ਤੀ ਸੰਘ ਕਾਰਜਕਾਰੀ ਕਮੇਟੀ ਨੂੰ ਖੇਡ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਸੀ। ਕੁਸ਼ਤੀ ਦੀ ਗਲੋਬਲ ਸੰਸਥਾ, ਯੂਨਾਈਟਿਡ ਵਰਲਡ ਰੈਸਲਿੰਗ ਨੇ ਵੀ ਪਿਛਲੇ ਸਾਲ ਸੰਜੇ ਸਿੰਘ ਦੀ ਅਗਵਾਈ ਵਾਲੀ ਕੁਸ਼ਤੀ ਸੰਘ ਤੋਂ ਮੁਅੱਤਲੀ ਹਟਾ ਦਿੱਤੀ ਸੀ। ਇਸ ਤੋਂ ਬਾਅਦ, ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਭੁਪਿੰਦਰ ਸਿੰਘ ਬਾਜਵਾ ਦੀ ਅਗਵਾਈ ਵਾਲੀ ਐਡ-ਹਾਕ ਕਮੇਟੀ ਨੂੰ ਭੰਗ ਕਰਨ ਦਾ ਫੈਸਲਾ ਕੀਤਾ ਸੀ, ਜੋ ਭਾਰਤ ਵਿਚ ਕੁਸ਼ਤੀ ਦੇ ਰੋਜ਼ਾਨਾ ਦੇ ਕੰਮਕਾਜ ਨੂੰ ਦੇਖ ਰਹੀ ਸੀ। ਹਾਲਾਂਕਿ ਸੰਘ ਦੀ ਕਾਰਜਕਾਰੀ ਕਮੇਟੀ ਦੇ ਚੇਅਰਮੈਨ ਸੰਜੇ ਸਿੰਘ ਨੂੰ ਭਾਰਤੀ ਉਲੰਪਿਕ ਸੰਘ ਤੋਂ ਰਾਹਤ ਮਿਲੀ ਸੀ ਪਰ ਕੇਂਦਰ ਸਰਕਾਰ ਤੋਂ ਰਾਹਤ ਦੀ ਉਡੀਕ ਕੀਤੀ ਜਾ ਰਹੀ ਸੀ, ਜੋ ਹੁਣ ਪੂਰੀ ਹੋ ਗਈ ਹੈ। ਸਰਕਾਰ ਨੇ ਨਿਯਮਾਂ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਭਾਰਤੀ ਕੁਸ਼ਤੀ ਸੰਘ ਵਿਰੁੱਧ ਕਾਰਵਾਈ ਕੀਤੀ ਸੀ ਅਤੇ ਚੋਣਾਂ ਪੂਰੀਆਂ ਹੋਣ ਤੋਂ ਸਿਰਫ਼ ਤਿੰਨ ਦਿਨ ਬਾਅਦ ਹੀ ਸੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।