
ਅਜਨਾਲਾ (ਅੰਮ੍ਰਿਤਸਰ), 23 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋ) - ਬੀਤੀ ਦੇਰ ਸ਼ਾਮ ਅਜਨਾਲਾ ਸ਼ਹਿਰ ਦੇ ਬਾਹਰਵਾਰ ਗੰਨਿਆਂ ਨਾਲ ਲੱਦੀ ਟਰੈਕਟਰ ਟਰਾਲੀ ਪੁਲ ਤੋਂ ਸੱਕੀ ਨਾਲੇ 'ਚ ਡਿੱਗਣ ਦੇ ਮਾਮਲੇ ਵਿਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਟਰੈਕਟਰ ਨੂੰ ਟੱਕਰ ਮਾਰਨ ਦੇ ਦੋਸ਼ ਹੇਠ ਅਣਪਛਾਤੇ ਬੱਸ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਹ ਜਾਣਕਾਰੀ ਡੀ.ਐਸ.ਪੀ. ਅਜਨਾਲਾ ਗੁਰਵਿੰਦਰ ਸਿੰਘ ਔਲਖ ਅਤੇ ਐਸ.ਐਚ.ਓ. ਸਬ ਇੰਸਪੈਕਟਰ ਸਤਨਾਮ ਸਿੰਘ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਦਿੱਤੀ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਹ ਦੱਸਿਆ ਜਾ ਰਿਹਾ ਸੀ ਕਿ ਅਚਾਨਕ ਸੰਤੁਲਨ ਵਿਗੜਨ ਕਾਰਨ ਟਰੈਕਟਰ ਟਰਾਲੀ ਪੁੱਲ ਤੋਂ ਸੱਕੀ ਨਾਲੇ ਵਿਚ ਡਿੱਗੀ ਹੈ, ਪਰ ਬਾਅਦ ਵਿਚ ਪਤਾ ਲੱਗਾ ਕਿ ਇਕ ਤੇਜ਼ ਰਫਤਾਰ ਬੱਸ ਵਲੋਂ ਟਰੈਕਟਰ ਨੂੰ ਟੱਕਰ ਮਾਰੀ ਗਈ ਸੀ, ਜਿਸ ਕਾਰਨ ਟਰੈਕਟਰ ਟਰਾਲੀ ਸੱਕੀ ਨਾਲੇ ਵਿਚ ਜਾ ਡਿੱਗਾ ਸੀ ਤੇ ਟਰੈਕਟਰ ਚਾਲਕ ਬਲਜੀਤ ਦੀ ਗੰਨਿਆਂ ਹੇਠ ਦੱਬਣ ਕਾਰਨ ਦਰਦਨਾਕ ਮੌਤ ਹੋ ਗਈ ਸੀ।