JALANDHAR WEATHER

ਬਜ਼ੁਰਗ ਜੋੜਾ 53 ਲੱਖ ਦੀ ਸਾਈਬਰ ਠੱਗੀ ਦਾ ਹੋਇਆ ਸ਼ਿਕਾਰ

ਮੁੱਲਾਂਪੁਰ ਗਰੀਬਦਾਸ (ਮੋਹਾਲੀ), 15 ਜਨਵਰੀ (ਦਿਲਬਰ ਸਿੰਘ ਖੈਰਪੁਰ)-ਕਸਬਾ ਮੁੱਲਾਂਪੁਰ ਗਰੀਬਦਾਸ ਦੇ ਇਕ ਬਜ਼ੁਰਗ ਜੋੜੇ ਨਾਲ਼ 53 ਲੱਖ ਰੁਪਏ ਦੀ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਬਜ਼ੁਰਗ ਬਲਦੇਵ ਸਿੰਘ ਤੇ ਭੁਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਅਣਜਾਣ ਵਿਅਕਤੀ ਦਾ ਫੋਨ ਆਇਆ, ਜਿਸ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਆਧਾਰ ਕਾਰਡ ਉਤੇ ਕਿਸੇ ਵਲੋਂ ਕੋਈ ਮੁੰਬਈ 'ਚ ਅਕਾਊਂਟ ਖੁੱਲ੍ਹਵਾਇਆ ਗਿਆ ਹੈ, ਜਿਸ ਵਿਚ ਮਨੀ ਲਾਂਡਰਿੰਗ ਦਾ ਤਕਰੀਬਨ 7 ਕਰੋੜ ਰੁਪਿਆ ਜਮ੍ਹਾ ਹੋਇਆ ਹੈ। ਜੇਕਰ ਤੁਸੀਂ ਇਸ ਮਾਮਲੇ ਤੋਂ ਬਚਣਾ ਚਾਹੁੰਦੇ ਹੋ ਤਾਂ ਜਿਵੇਂ ਜਿਵੇਂ ਅਸੀਂ ਕਹਾਂਗੇ ਉਂਝ-ਉਂਝ ਕਰਦੇ ਰਹੋ, ਨਹੀਂ ਤਾਂ ਤੁਹਾਡੇ 'ਤੇ ਮੁੰਬਈ ਪੁਲਿਸ ਵਲੋਂ ਸਖ਼ਤ ਕਾਰਵਾਈ ਕਰਦਿਆਂ ਤੁਹਾਡੇ ਪੂਰੇ ਪਰਿਵਾਰ ਨੂੰ ਹਿਰਾਸਤ ਵਿਚ ਲਿਆ ਜਾ ਸਕਦਾ ਹੈ ਅਤੇ ਜੇਕਰ ਤੁਸੀਂ ਇਸ ਸਬੰਧੀ ਕਿਸੇ ਨਾਲ ਕੋਈ ਗੱਲਬਾਤ ਵੀ ਕੀਤੀ ਤਾਂ ਵੀ ਤੁਹਾਡੇ ਪਰਿਵਾਰ ਨੂੰ ਖਤਰਾ ਹੋ ਸਕਦਾ ਹੈ। ਇਸ ਬਜ਼ੁਰਗ ਜੋੜੇ ਨੂੰ 8 ਜਨਵਰੀ ਤੋਂ ਲਗਾਤਾਰ 13 ਜਨਵਰੀ ਤੱਕ ਹਾਊਸ ਡਿਜੀਟਲ ਅਰੈਸਟ ਕਰਕੇ ਲੁੱਟਦੇ ਰਹੇ। ਇਸ ਤੋਂ ਇਲਾਵਾ ਠੱਗਾਂ ਵਲੋਂ ਨਕਲੀ ਅਦਾਲਤ ਬਣਾ ਕੇ ਦੋਹਾਂ ਬਜ਼ੁਰਗਾਂ ਨੂੰ ਕੋਰਟ ਵਿਚ ਪੇਸ਼ ਵੀ ਕੀਤਾ ਗਿਆ ਅਤੇ ਕੋਰਟ ਦੇ ਚਲਦਿਆਂ ਹੀ ਪੈਸਿਆਂ ਦਾ ਲੈਣ-ਦੇਣ ਵੀ ਕਰਦੇ ਰਹੇ। ਬਜ਼ੁਰਗਾਂ ਨੂੰ ਉਨ੍ਹਾਂ ਠੱਗਾਂ ਵਲੋਂ 12 ਘੰਟੇ ਆਡੀਓ ਅਤੇ ਵੀਡੀਓ ਕਾਲ ਉਤੇ ਰੱਖਿਆ ਗਿਆ ਤੇ ਕਿਸੇ ਹੋਰ ਨਾਲ ਫੋਨ ਉਤੇ ਗੱਲ ਕਰਨ ਤੋਂ ਮਨ੍ਹਾ ਕੀਤਾ ਗਿਆ। ਬਜ਼ੁਰਗ ਜੋੜਾ ਇੰਨਾ ਘਬਰਾ ਗਿਆ ਕਿ ਆਪਣੇ ਪਰਿਵਾਰ ਦੇ ਬਚਾਅ ਲਈ ਆਪਣੀ ਸਾਰੀ ਜ਼ਿੰਦਗੀ ਦੀ ਜਮ੍ਹਾ ਪੂੰਜੀ ਉਨ੍ਹਾਂ ਠੱਗਾਂ ਨੂੰ ਲੁੱਟਵਾ ਬੈਠਾ। ਜਦੋਂ ਇਸ ਠੱਗੀ ਬਾਰੇ ਇਸ ਜੋੜੇ ਦੇ ਪੁੱਤਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਇਸ ਦੀ ਸ਼ਿਕਾਇਤ ਅੱਜ ਸਾਈਬਰ ਕ੍ਰਾਈਮ ਬਰਾਂਚ ਫੇਜ਼ 7 ਮੋਹਾਲੀ ਵਿਖੇ ਦਿੱਤੀ, ਜਿਸ ਵਿਚ ਉਨ੍ਹਾਂ ਵਲੋਂ ਸਾਰੇ ਪੈਸੇ ਦੀ ਟ੍ਰਾਂਸਫਰ ਅਤੇ ਠੱਗਾਂ ਵਲੋਂ ਕੀਤੀ ਲਿਖਤੀ ਗੱਲਬਾਤ ਦਾ ਵੇਰਵਾ ਵੀ ਦਿੱਤਾ। ਜਿਥੇ ਸਾਈਬਰ ਕ੍ਰਾਈਮ ਬਰਾਂਚ ਵਿਚ ਮੌਜੂਦ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਜਲਦੀ ਹੀ ਇਸ ਮਾਮਲੇ ਵਿਚ ਜਾਂਚ ਕਰਦਿਆਂ ਮਾਮਲੇ ਨੂੰ ਹੱਲ ਕੀਤਾ ਜਾਵੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ