ਪਿੰਡ ਬੰਨਾਵਾਲਾ ਦੇ ਸੂਬੇਦਾਰ ਬਲਜਿੰਦਰ ਸਿੰਘ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ
ਮੰਡੀ ਅਰਨੀਵਾਲਾ (ਫਾਜ਼ਿਲਕਾ), 15 ਜਨਵਰੀ (ਨਿਸ਼ਾਨ ਸਿੰਘ ਮੋਹਲਾਂ)-ਪਿੰਡ ਬੰਨਾਵਾਲਾ ਦੇ ਰਹਿਣ ਵਾਲੇ ਅਤੇ ਭਾਰਤੀ ਫੌਜ ਵਿਚ ਡਿਊਟੀ ਨਿਭਾਅ ਰਹੇ ਸੂਬੇਦਾਰ ਬਲਜਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਦੀ ਮ੍ਰਿਤਕ ਦੇਹ ਨੂੰ ਆਰਮੀ ਵਲੋਂ ਉਨ੍ਹਾਂ ਦੇ ਪਿੰਡ ਲਿਆਂਦਾ ਗਿਆ ਅਤੇ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਸੈਨਿਕ ਰਸਮਾਂ ਨਾਲ 16 ਜਨਵਰੀ ਨੂੰ ਸਵੇਰੇ 10 ਵਜੇ ਪਿੰਡ ਬੰਨਾਵਾਲਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਣਾ ਹੈ। ਬਲਜਿੰਦਰ ਸਿੰਘ ਪੁੱਤਰ ਆਤਮਾ ਸਿੰਘ ਉਮਰ ਲਗਭਗ 45 ਸਾਲ 1811 ਲਾਈਟ ਰੈਜੀਮੈਂਟ ਵਿਚ ਬਤੌਰ ਸੂਬੇਦਾਰ ਆਪਣੀਆਂ ਸੇਵਾਵਾਂ ਹੈਦਰਾਬਾਦ ਵਿਖੇ ਨਿਭਾਅ ਰਹੇ ਸਨ। ਜੋ ਕੁਝ ਦਿਨ ਪਹਿਲਾਂ ਪੇਟ ਦੀ ਇਨਫੈਕਸ਼ਨ ਕਾਰਨ ਮਿਲਟਰੀ ਹਸਪਤਾਲ ਸਿਕੰਦਰਾਬਾਦ ਵਿਖੇ ਭਰਤੀ ਸਨ ਜਿਨ੍ਹਾਂ ਦੀ ਮੌਤ 14 ਜਨਵਰੀ ਨੂੰ ਸਵੇਰੇ 4.10 ਵਜੇ ਹਸਪਤਾਲ ਵਿਚ ਹੀ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ। ਬਲਜਿੰਦਰ ਸਿੰਘ ਦੀ ਸੇਵਾ ਮੁਕਤੀ ਵਿਚ ਅੱਠ ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਸੀ। ਉਨ੍ਹਾਂ ਨੂੰ ਸੈਨਾ ਵਲੋਂ 26 ਜਨਵਰੀ ਨੂੰ ਪਦਉਨਤ ਕਰਕੇ ਆਨਰੇਰੀ ਲੈਫਟੀਨੈਂਟ ਅਤੇ 15 ਅਗਸਤ ਨੂੰ ਆਨਰੇਰੀ ਕੈਪਟਨ ਬਣਾਇਆ ਜਾਣਾ ਸੀ। ਜਿਵੇਂ ਹੀ ਉਨ੍ਹਾਂ ਦੀ ਮੌਤ ਦੀ ਖਬਰ ਪਿੰਡ ਵਿਚ ਪੁੱਜੀ ਤਾਂ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਉਹ ਆਪਣੇ ਪਿੱਛੇ ਆਪਣੇ ਬਜ਼ੁਰਗ ਮਾਤਾ-ਪਿਤਾ, ਪਤਨੀ, ਇਕ ਲੜਕਾ ਅਤੇ ਲੜਕੀ ਨੂੰ ਛੱਡ ਗਏ ਹਨ।