ਕਾਂਗਰਸ ਪਾਰਟੀ ਨੂੰ ਮਿਲਿਆ ਨਵਾਂ ਮੁੱਖ ਦਫ਼ਤਰ
ਨਵੀਂ ਦਿੱਲੀ, 15 ਜਨਵਰੀ- ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਪਾਰਟੀ ਦੇ ਨਵੇਂ ਮੁੱਖ ਦਫ਼ਤਰ ‘ਇੰਦਰਾ ਭਵਨ’ ਦਾ ਉਦਘਾਟਨ ਕੀਤਾ। ਪਿਛਲੇ ਪੰਜ ਦਹਾਕਿਆਂ ਤੋਂ ਪਾਰਟੀ ਦਾ ਮੁੱਖ ਦਫਤਰ ‘24 ਅਕਬਰ ਰੋਡ’ ਸੀ। ਹੁਣ ਮੁੱਖ ਵਿਰੋਧੀ ਪਾਰਟੀ ਦਾ ਨਵਾਂ ਮੁੱਖ ਦਫਤਰ ‘9 ਏ ਕੋਟਲਾ ਮਾਰਗ’ ’ਤੇ ਬਣਾਇਆ ਗਿਆ ਹੈ। ਸੋਨੀਆ ਗਾਂਧੀ ਨੇ ਰਿਬਨ ਕੱਟ ਕੇ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਵੀ ਉਨ੍ਹਾਂ ਨਾਲ ਮੌਜੂਦ ਸਨ। ਇਸ ਦੌਰਾਨ ਗੱਲ ਕਰਦੇ ਹੋਏ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਅਤੇ ਹਰਿਆਣਾ ਸਮੇਤ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦਾ ਹਵਾਲਾ ਦਿੰਦੇ ਹੋਏ ਚੋਣ ਪ੍ਰਕਿਰਿਆ ’ਤੇ ਸਵਾਲ ਉਠਾਏ। ਉਨ੍ਹਾਂ ਨੇ ਪ੍ਰਕਿਰਿਆ ਦੀ ਪਾਰਦਰਸ਼ਤਾ ’ਤੇ ਸਵਾਲ ਚੁੱਕੇ ਅਤੇ ਦਾਅਵਾ ਕੀਤਾ ਕਿ ਦੇਸ਼ ਦੀ ਚੋਣ ਪ੍ਰਣਾਲੀ ਵਿਚ ਗੰਭੀਰ ਸਮੱਸਿਆਵਾਂ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਮਿਸ਼ਨ ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਵੋਟ ਪਾਉਣ ਵਾਲਿਆਂ ਦੇ ਨਾਵਾਂ ਅਤੇ ਪਤਿਆਂ ਵਾਲੀਆਂ ਵੋਟਰ ਸੂਚੀਆਂ ਪ੍ਰਦਾਨ ਕਰਨ ਤੋਂ ਇਨਕਾਰ ਕਰ ਰਿਹਾ ਹੈ।