JALANDHAR WEATHER

ਦੇਸ਼ ਨੂੰ ਮਿਲੇ 3 ਜੰਗੀ ਜਹਾਜ਼

ਮਹਾਰਾਸ਼ਟਰ, 15 ਜਨਵਰੀ- ਅੱਜ ਮੁੰਬਈ ਦੇ ਨੇਵਲ ਡੌਕਯਾਰਡ ਵਿਖੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨੇ ਤਿੰਨ ਜੰਗੀ ਜਹਾਜ਼ ਆਈ.ਐਨ.ਐਸ. ਸੂਰਤ (ਵਿਨਾਸ਼ਕਾਰੀ), ​​ਆਈ.ਐਨ.ਐਸ. ਨੀਲਗਿਰੀ (ਸਟੀਲਥ ਫਰੀਗੇਟ) ਅਤੇ ਆਈ.ਐਨ.ਐਸ. ਵਾਗਸ਼ੀਰ (ਪਣਡੁੱਬੀ) ਰਾਸ਼ਟਰ ਨੂੰ ਸਮਰਪਿਤ ਕੀਤੇ। ਇਸ ਮੌਕੇ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ 15 ਜਨਵਰੀ ਨੂੰ ਫੌਜ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਅੱਜ ਭਾਰਤ ਦੀ ਸਮੁੰਦਰੀ ਵਿਰਾਸਤ, ਜਲ ਸੈਨਾ ਦੇ ਸ਼ਾਨਦਾਰ ਇਤਿਹਾਸ ਅਤੇ ਆਤਮ-ਨਿਰਭਰ ਭਾਰਤ ਮੁਹਿੰਮ ਲਈ ਇਕ ਵੱਡਾ ਦਿਨ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਪਵਿੱਤਰ ਧਰਤੀ ’ਤੇ, ਅਸੀਂ 21ਵੀਂ ਸਦੀ ਦੀ ਜਲ ਸੈਨਾ ਨੂੰ ਮਜ਼ਬੂਤ ​​ਕਰਨ ਵੱਲ ਇਕ ਵੱਡਾ ਕਦਮ ਚੁੱਕ ਰਹੇ ਹਾਂ। ਇਹ ਪਹਿਲੀ ਵਾਰ ਹੈ ਜਦੋਂ ਇਕ ਵਿਨਾਸ਼ਕਾਰੀ, ਫਰੀਗੇਟ ਅਤੇ ਪਣਡੁੱਬੀ ਨੂੰ ਇਕੱਠੇ ਕਮਿਸ਼ਨ ਕੀਤਾ ਜਾ ਰਿਹਾ ਹੈ ਤੇ ਤਿੰਨੋਂ ਹੀ ਭਾਰਤ ਵਿਚ ਬਣੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿਚ ਸਾਡੀ ਜਲ ਸੈਨਾ ਨੇ ਸੈਂਕੜੇ ਜਾਨਾਂ ਬਚਾਈਆਂ ਹਨ। ਹਜ਼ਾਰਾਂ ਕਰੋੜ ਰੁਪਏ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਲ ਦੀ ਸੁਰੱਖਿਆ ਕੀਤੀ ਗਈ ਹੈ। ਦੁਨੀਆ ਦਾ ਭਾਰਤ ’ਤੇ ਵਿਸ਼ਵਾਸ ਵਧਿਆ ਹੈ। ਭਾਰਤੀ ਜਲ ਸੈਨਾ ਅਤੇ ਤੱਟ ਰੱਖਿਅਕਾਂ ਵਿਚ ਵਿਸ਼ਵਾਸ ਲਗਾਤਾਰ ਵਧ ਰਿਹਾ ਹੈ। ਆਸੀਆਨ ਹੋਵੇ, ਆਸਟ੍ਰੇਲੀਆ ਹੋਵੇ, ਖਾੜੀ ਹੋਵੇ ਜਾਂ ਅਫ਼ਰੀਕੀ ਦੇਸ਼, ਇਨ੍ਹਾਂ ਸਾਰਿਆਂ ਨਾਲ ਭਾਰਤ ਦਾ ਆਰਥਿਕ ਸਹਿਯੋਗ ਲਗਾਤਾਰ ਮਜ਼ਬੂਤ ​​ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਹੈਲੀਕਾਪਟਰ ਨਿਰਮਾਣ ਫੈਕਟਰੀ ਕਰਨਾਟਕ ਵਿਚ ਸ਼ੁਰੂ ਹੋਈ। ਯੂ.ਪੀ.-ਤਾਮਿਲਨਾਡੂ ਵਿਚ ਬਣ ਰਿਹਾ ਰੱਖਿਆ ਗਲਿਆਰਾ ਹੋਰ ਗਤੀ ਪ੍ਰਾਪਤ ਕਰੇਗਾ। ਜਲ ਸੈਨਾ ਨੇ ਮੇਕ ਇਨ ਇੰਡੀਆ ਮੁਹਿੰਮ ਦਾ ਵੀ ਵਿਸਤਾਰ ਕੀਤਾ ਹੈ। 10 ਸਾਲਾਂ ਵਿਚ, ਜਲ ਸੈਨਾ ਵਿਚ 33 ਜਹਾਜ਼ ਅਤੇ 7 ਪਣਡੁੱਬੀਆਂ ਸ਼ਾਮਿਲ ਕੀਤੀਆਂ ਗਈਆਂ। ਇਨ੍ਹਾਂ ਵਿਚੋਂ 39 ਸਿਰਫ਼ ਭਾਰਤੀ ਸ਼ਿਪਯਾਰਡਾਂ ਵਿਚ ਬਣਾਏ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ