ਪ੍ਰਵਾਸੀ ਭਾਰਤੀਆਂ ਦੇ ਦਿਲ ’ਚ ਧੜਕਦਾ ਹੈ ਭਾਰਤ- ਪ੍ਰਧਾਨ ਮੰਤਰੀ
ਭੁਵਨੇਸ਼ਵਰ, 9 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਓਡੀਸ਼ਾ ਦੇ ਭੁਵਨੇਸ਼ਵਰ ਵਿਚ 18ਵੇਂ ਪ੍ਰਵਾਸੀ ਭਾਰਤੀ ਦਿਵਸ ਵਿਚ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪ੍ਰਵਾਸੀ ਭਾਰਤੀ ਜਿੱਥੇ ਵੀ ਜਾਂਦੇ ਹਨ, ਉਹ ਉਸ ਨੂੰ ਆਪਣਾ ਬਣਾਉਂਦੇ ਹਨ। ਇਸ ਦੇ ਬਾਵਜੂਦ, ਭਾਰਤ ਹਮੇਸ਼ਾ ਉਨ੍ਹਾਂ ਦੇ ਦਿਲ ਵਿਚ ਧੜਕਦਾ ਹੈ। ਇਸ ਕਰਕੇ, ਮੇਰਾ ਸਿਰ ਦੁਨੀਆ ਵਿਚ ਉੱਚਾ ਰਹਿੰਦਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਮੇਡ ਇਨ ਇੰਡੀਆ ਲੜਾਕੂ ਜਹਾਜ਼ ਬਣਾ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦੋਂ ਤੁਸੀਂ (ਐਨਆਰਆਈ) ਮੇਡ ਇਨ ਇੰਡੀਆ ਜਹਾਜ਼ ਵਿਚ ਪ੍ਰਵਾਸੀ ਭਾਰਤੀ ਦਿਵਸ ਮਨਾਉਣ ਆਓਗੇ। ਇਸ ਸਮਾਗਮ ਵਿਚ ਤ੍ਰਿਨੀਦਾਦ ਅਤੇ ਟੋਬੈਗੋ ਦੀ ਰਾਸ਼ਟਰਪਤੀ ਕ੍ਰਿਸਟੀਨ ਕਾਰਲਾ ਕਾਂਗਾਲੂ ਨੇ ਕਾਨਫ਼ਰੰਸ ਨੂੰ ਵਰਚੁਅਲੀ ਸੰਬੋਧਨ ਕੀਤਾ। ਮੋਦੀ ਨੇ ਪ੍ਰਵਾਸੀ ਭਾਰਤੀ ਐਕਸਪ੍ਰੈਸ ਨੂੰ ਵੀ ਹਰੀ ਝੰਡੀ ਦਿਖਾਈ। ਇਹ ਭਾਰਤੀ ਪ੍ਰਵਾਸੀਆਂ ਲਈ ਇੱਕ ਵਿਸ਼ੇਸ਼ ਸੈਲਾਨੀ ਰੇਲਗੱਡੀ ਹੈ, ਜੋ ਦਿੱਲੀ ਦੇ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ ਤਿੰਨ ਹਫ਼ਤਿਆਂ ਦੀ ਮਿਆਦ ਵਿਚ ਵੱਖ-ਵੱਖ ਸੈਲਾਨੀ ਸਥਾਨਾਂ ਦੀ ਯਾਤਰਾ ਕਰੇਗੀ। ਇਸ ਪ੍ਰੋਗਰਾਮ ਲਈ 70 ਦੇਸ਼ਾਂ ਦੇ 3 ਹਜ਼ਾਰ ਤੋਂ ਵੱਧ ਡੈਲੀਗੇਟ ਓਡੀਸ਼ਾ ਪਹੁੰਚ ਚੁੱਕੇ ਹਨ।