12 ਜਨਵਰੀ ਤੱਕ ਸੂਬੇ ’ਚ ਕਈ ਥਾਵਾਂ ’ਤੇ ਪਵੇਗਾ ਮੀਂਹ- ਮੌਸਮ ਵਿਭਾਗ
ਚੰਡੀਗੜ੍ਹ, 9 ਜਨਵਰੀ- ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਅੱਜ ਵੀ ਸੀਤ ਲਹਿਰ ਅਤੇ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਵਲੋਂ 12 ਜਨਵਰੀ ਤੱਕ ਸੂਬੇ ਵਿਚ ਕਈ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਹਾਲਾਂਕਿ, ਪਿਛਲੇ 24 ਘੰਟਿਆਂ ਵਿਚ ਰਾਜ ਦਾ ਔਸਤ ਵੱਧ ਤੋਂ ਵੱਧ ਤਾਪਮਾਨ 2.3 ਡਿਗਰੀ ਵਧਿਆ ਹੈ, ਜੋ ਆਮ ਦੇ ਨੇੜੇ ਪਹੁੰਚ ਗਿਆ ਹੈ। ਬਠਿੰਡਾ ਵਿਚ ਸਭ ਤੋਂ ਵੱਧ 23 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਚੰਡੀਗੜ੍ਹ ਵਿਚ ਤਾਪਮਾਨ 18.8 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੰਮ੍ਰਿਤਸਰ, ਕਪੂਰਥਲਾ ਅਤੇ ਤਰਨਤਾਰਨ ਲਈ ਸਵੇਰੇ 9 ਵਜੇ ਤੱਕ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ।