ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਛੇਹਰਟਾ (ਅੰਮ੍ਰਿਤਸਰ), 5 ਜਨਵਰੀ (ਪੱਤਰ ਪ੍ਰੇਰਕ)-ਦਸਮੇਸ਼ ਪਿਤਾ, ਸਰਬੰਸਦਾਨੀ ਸਾਹਿਬ-ਏ-ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਰਕਾਰ ਪੱਤੀ ਕੋਟ ਖਾਲਸਾ ਤੋਂ ਮੁੱਖ ਸੇਵਾਦਾਰ ਜਥੇ. ਮੇਜਰ ਸਿੰਘ ਸਰਕਾਰੀਆਂ ਦੀ ਦੇਖ-ਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਜੁਗੋ-ਜੁਗ ਅਟਲ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫੁੱਲਾਂ ਨਾਲ ਸੱਜੀ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸਨ ਅਤੇ ਪੰਜ ਪਿਆਰੇ ਸਾਹਿਬਾਨ ਜੀ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ। ਸਤਿਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰਦੀਆਂ ਹੋਈਆਂ ਮਗਰ ਸੰਗਤਾਂ ਚੱਲ ਰਹੀਆਂ ਸਨ। ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਗ੍ਰੰਥੀ ਬਾਬਾ ਰਸ਼ਪਾਲ ਸਿੰਘ ਜੀ ਵਲੋਂ ਕੀਤੀ ਗਈ ਤੇ ਇਹ ਨਗਰ ਕੀਰਤਨ ਗੁਰਦੁਆਰਾ ਸਰਕਾਰ ਪੱਤੀ ਕੋਟ ਖਾਲਸਾ ਤੋਂ ਆਰੰਭ ਹੋ ਕੇ ਇੰਦਰਾ ਕਾਲੋਨੀ, ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਰਾਮਦਾਸ ਕਾਲੋਨੀ, ਗੁਰਦੁਆਰਾ ਸਾਧ ਸੰਗਤ ਸਾਹਿਬ ਜੀ ਕੋਟ ਖਾਲਸਾ, ਗੁਰਦੁਆਰਾ ਬੋਹੜੀ ਸਾਹਿਬ ਆਦਿ ਤੋਂ ਹੁੰਦਾ ਹੋਇਆ ਵੱਖ-ਵੱਖ ਇਲਾਕਿਆਂ ਵਿਚੋਂ ਹੋ ਕੇ ਗੁਰਦੁਆਰਾ ਸਰਕਾਰ ਪੱਤੀ ਕੋਟ ਖਾਲਸਾ ਵਿਖੇ ਸਮਾਪਤ ਹੋਇਆ।