ਮੁੱਖ ਮੰਤਰੀ ਆਤਿਸ਼ੀ ਨੂੰ ਝੂਠਾ ਕੇਸ ਬਣਾ ਕੀਤਾ ਜਾ ਸਕਦੈ ਗਿ੍ਫ਼ਤਾਰ- ਅਰਵਿੰਦ ਕੇਜਰੀਵਾਲ
ਨਵੀਂ ਦਿੱਲੀ, 25 ਦਸੰਬਰ- ਦਿੱਲੀ ਸਰਕਾਰ ਦੇ ਦੋ ਵਿਭਾਗਾਂ ਨੇ ਮਹਿਲਾ ਸਨਮਾਨ ਯੋਜਨਾ ਅਤੇ ਸੰਜੀਵਨੀ ਯੋਜਨਾ ’ਤੇ ਸਵਾਲ ਖੜ੍ਹੇ ਕੀਤੇ ਹਨ। ਦਿੱਲੀ ਸਰਕਾਰ ਦੇ ਮਹਿਲਾ ਤੇ ਬਾਲ ਕਲਿਆਣ ਵਿਭਾਗ ਅਤੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਇਹ ਸਕੀਮਾਂ ਉਨ੍ਹਾਂ ਕੋਲ ਨੋਟੀਫਾਈ ਨਹੀਂ ਹਨ। ਉਨ੍ਹਾਂ ਨੇ ਇਸ਼ਤਿਹਾਰ ਜਾਰੀ ਕਰਕੇ ਕਿਹਾ ਕਿ ਅਜਿਹੀ ਕੋਈ ਯੋਜਨਾ ਨਹੀਂ ਹੈ। ਰਜਿਸਟ੍ਰੇਸ਼ਨ ਕਰਵਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬਿਨਾਂ ਨਾਮ ਲਏ ਭਾਜਪਾ ’ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਇਕ ਪ੍ਰੈਸ ਕਾਨਫ਼ਰੰਸ ਵਿਚ ਕਿਹਾ ਕਿ ਸੂਤਰਾਂ ਦੇ ਅਨੁਸਾਰ, ਹਾਲ ਹੀ ਵਿਚ ਸੀ.ਬੀ.ਆਈ., ਈ.ਡੀ. ਅਤੇ ਆਈ.ਟੀ. ਵਿਚਕਾਰ ਇਕ ਮੀਟਿੰਗ ਹੋਈ ਸੀ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਖਿਲਾਫ਼ ਝੂਠਾ ਕੇਸ ਬਣਾ ਕੇ ਆਤਿਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਕਿਹਾ ਗਿਆ ਹੈ। ਪਿਛਲੇ ਦਸ ਸਾਲਾਂ ਵਿਚ ਭਾਜਪਾ ਦਾ ਦਿੱਲੀ ਵਿਚ ਕੋਈ ਕੰਮ ਨਹੀਂ ਹੋਇਆ। ਉਹ ਸਿਰਫ਼ ਕੇਜਰੀਵਾਲ ਦੀ ਆਲੋਚਨਾ ਅਤੇ ਗਾਲ੍ਹਾਂ ਕੱਢ ਕੇ ਵੋਟਾਂ ਮੰਗ ਰਹੇ ਹਨ। ਪਰ ਆਮ ਆਦਮੀ ਪਾਰਟੀ ਨੇ ਕੀਤੇ ਕੰਮਾਂ ਦੇ ਆਧਾਰ ’ਤੇ ਹਾਂ-ਪੱਖੀ ਮੁਹਿੰਮ ਚਲਾਈ ਹੈ। ਅਸੀਂ ਮਹਿਲਾ ਸਨਮਾਨ ਯੋਜਨਾ ਦੀ ਘੋਸ਼ਣਾ ਕੀਤੀ ਹੈ ਅਤੇ ਬਜ਼ੁਰਗ ਨਾਗਰਿਕਾਂ ਲਈ ਮੁਫਤ ਡਾਕਟਰੀ ਇਲਾਜ ਦੀ ਯੋਜਨਾ ਦਾ ਐਲਾਨ ਕੀਤਾ ਹੈ। ਭਾਜਪਾ ਇਨ੍ਹਾਂ ਯੋਜਨਾਵਾਂ ਲਈ ਰਜਿਸਟ੍ਰੇਸ਼ਨ ਤੋਂ ਪ੍ਰੇਸ਼ਾਨ ਹੈ।