ਤਰਨ ਤਰਨ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਇਆ ਮੁਕਾਬਲਾ, ਦੋ ਗੈਂਗਸਟਰ ਜ਼ਖਮੀ
ਤਰਨ ਤਰਨ, 25 ਦਸੰਬਰ (ਹਰਿੰਦਰ ਸਿੰਘ)-ਤਰਨ ਤਾਰਨ ਦੇ ਪਿੰਡ ਧੁੰਨ ਢਾਏ ਵਾਲਾ ਵਿਖੇ ਤਿੰਨ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਹੋਏ ਮੁਕਾਬਲੇ ਦੌਰਾਨ ਗੋਲੀ ਲੱਗਣ ਨਾਲ ਦੋ ਗੈਂਗਸਟਰ ਜ਼ਖਮੀ ਹੋ ਗਏ। ਇਸ ਘਟਨਾ ਦੌਰਾਨ ਮੌਕੇ ’ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਡੀ.ਐਸ.ਪੀ. ਗੋਇੰਦਵਾਲ ਸਾਹਿਬ ਅਤੁਲ ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ ਦੇ ਇਕ ਡਾਕਟਰ ਕੋਲੋਂ ਉਕਤ ਗੈਂਗਸਟਰਾਂ ਵਲੋਂ ਇਕ ਕਰੋੜ ਦੀ ਫਿਰੋਤੀ ਮੰਗੀ ਗਈ ਸੀ ਅਤੇ ਬਾਅਦ ਵਿਚ ਫਿਰ ਉਸੇ ਡਾਕਟਰ ਕੋਲੋਂ 50 ਲੱਖ ਫਿਰੌਤੀ ਦੀ ਮੰਗ ਕੀਤੀ ਸੀ। ਫਿਰੌਤੀ ਨਾ ਦੇਣ ਦੀ ਸੂਰਤ ਵਿਚ ਉਕਤ ਡਾਕਟਰ ਦੇ ਘਰ ’ਤੇ ਗੈਂਗਸਟਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ। ਇਸ ਸੰਬੰਧੀ ਐਸ.ਐਸ.ਪੀ. ਅਭੀਮੰਨੀਓ ਰਾਣਾ ਵਲੋਂ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਇਕ ਸਪੈਸ਼ਲ ਟੀਮ ਬਣਾਈ ਗਈ। ਪੁਲਿਸ ਨੂੰ ਖਬਰ ਮਿਲੀ ਕਿ ਗੈਂਗਸਟਰ ਪਿੰਡ ਧੁਨ ਢਾਏ ਵਾਲਾ ਖੇਤਰ ਦੇ ਆਸ ਪਾਸ ਲੁਕੇ ਹੋਏ ਹਨ, ਜਿਸ ’ਤੇ ਪੁਲਿਸ ਜਦ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਨ ਲਈ ਗਈ ਤਾਂ ਅੱਗੋਂ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ’ਤੇ ਜਵਾਬੀ ਕਾਰਵਾਈ ਵਿਚ ਪੁਲਿਸ ਵਲੋਂ ਵੀ ਗੋਲੀ ਚਲਾਈ ਗਈ, ਜਿਸ ਕਾਰਨ ਦੋ ਗੈਂਗਸਟਰਾ ਦੇ ਪੈਰਾਂ ਵਿਚ ਗੋਲੀਆਂ ਲੱਗੀਆਂ ਅਤੇ ਉਹ ਜ਼ਖ਼ਮੀ ਹੋ ਗਏ। ਪੁਲਿਸ ਵਲੋਂ ਤਿੰਨਾਂ ਨੂੰ ਕਾਬੂ ਕਰ ਲਿਆ ਗਿਆ। ਡੀ.ਐਸ.ਪੀ. ਅਤੁਲ ਸੋਨੀ ਨੇ ਦੱਸਿਆ ਕਿ ਫੜੇ ਗਏ ਗੈਂਗਸਟਰਾਂ ਦੀ ਪਛਾਣ ਕੁਲਦੀਪ ਸਿੰਘ ਲੱਡੂ, ਯਾਦਵਿੰਦਰ ਸਿੰਘ ਯਾਦਾ ਅਤੇ ਪ੍ਰਭਜੀਤ ਸਿੰਘ ਜੱਜ ਵਜੋਂ ਹੋਈ ਹੈ, ਜਿਨ੍ਹਾਂ ਦੇ ਸੰਬੰਧ ਵਿਦੇਸ਼ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਨਾਲ ਹਨ ਅਤੇ ਗੈਂਗਸਟਰ ਲੰਡਾ ਦੇ ਕਹਿਣ ’ਤੇ ਲੋਕਾਂ ਕੋਲੋਂ ਫਿਰੌਤੀਆਂ ਵਸੂਲਦੇ ਸਨ। ਜ਼ਖਮੀ ਹੋਏ ਗੈਂਗਸਟਰਾਂ ਕੁਲਦੀਪ ਸਿੰਘ ਲੱਡੂ ਅਤੇ ਯਾਦਵਿੰਦਰ ਸਿੰਘ ਯਾਦਾ ਨੂੰ ਪੈਰਾਂ ਵਿਚ ਗੋਲੀ ਲੱਗਣ ਕਾਰਨ ਸਿਵਲ ਹਸਪਤਾਲ ਤਰਨ ਤਰਨ ਵਿਖੇ ਦਾਖਲ ਕਰਵਾਇਆ ਗਿਆ ਹੈ।