ਭਰਾ ਨੇ ਭਰਾ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਜੈਤੋ (ਫਰੀਦਕੋਟ), 17 ਨਵੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਸਥਾਨਕ ਗੁਰਦੁਆਰਾ ਟਿੱਬੀ ਸਾਹਿਬ ਰੋਡ ਲੰਘੀ ਰਾਤ ਨੂੰ ਇਕ ਭਰਾ ਨੇ ਦੂਜੇ ਭਰਾ ਦਾ ਕਤਲ ਤੇਜ਼ਧਾਰ ਹਥਿਆਰ ਨਾਲ ਕਰ ਦਿੱਤਾ। ਜਾਣਕਾਰੀ ਅਨੁਸਾਰ ਲੰਘੀ ਰਾਤ ਨੂੰ ਕੁਲਦੀਪ ਸਿੰਘ ਉਰਫ ਗਗਨ (24) ਪੁੱਤਰ ਜੀਤ ਰਾਮ ਦਾ ਆਪਣੇ ਸਕੇ ਭਰਾ ਗੁਰਮੀਤ ਸਿੰਘ ਜੀਤਾ ਨਾਲ ਘਰ ਵਿਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਇਆ ਤੇ ਗੁਰਮੀਤ ਸਿੰਘ ਜੀਤਾ ਨੇ ਤੇਜ਼ਧਾਰ ਹਥਿਆਰ ਨਾਲ ਆਪਣੇ ਭਰਾ ਕੁਲਦੀਪ ਸਿੰਘ ਉਰਫ ਗਗਨ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਕੁਲਦੀਪ ਸਿੰਘ ਉਰਫ ਗਗਨ ਗੰਭੀਰ ਜ਼ਖਮੀ ਹੋ ਗਿਆ। ਉਹ ਆਪਣੀ ਜਾਨ ਨੂੰ ਬਚਾਉਣ ਲਈ ਭੱਜ ਕੇ ਦੂਜੀ ਗਲੀ ਵਿਚ ਆ ਕੇ ਡਿੱਗ ਗਿਆ, ਨੂੰ ਕੁਝ ਵਿਅਕਤੀਆਂ ਮੋਟਰਸਾਈਕਲ ਵਾਲੀ ਰੇਹੜੀ ’ਤੇ ਪਾ ਕੇ ਸਿਵਲ ਹਸਪਤਾਲ ਜੈਤੋ ਵਿਖੇ ਲਿਆਂਦਾ, ਜਿਥੇ ਮੌਜੂਦ ਡਾਕਟਰਾਂ ਦੀ ਟੀਮ ਨੇ ਮੁੱਢਲੀ ਸਹਾਇਤਾ ਦੇ ਕੇ ਫ਼ਰੀਦਕੋਟ ਵਿਖੇ ਰੈਫਰ ਕਰ ਦਿੱਤਾ ਜਦਕਿ ਕੁਲਦੀਪ ਸਿੰਘ ਉਰਫ ਗਗਨ ਨੂੰ ਫ਼ਰੀਦਕੋਟ ਵਿਖੇ ਲਿਜਾਇਆ ਜਾ ਰਿਹਾ ਸੀ ਕਿ ਰਸਤੇ ਵਿਚ ਪਰਿਵਾਰ ਜਦੋਂ ਕੁਲਦੀਪ ਨੂੰ ਕੋਟਕਪੂਰਾ ਦੇ ਹਸਪਤਾਲ ਵਿਚ ਲੈ ਕੇ ਪਹੁੰਚੇ ਤਾਂ ਉਥੋਂ ਦੇ ਡਾਕਟਰਾਂ ਨੇ ਕੁਲਦੀਪ ਸਿੰਘ ਉਰਫ ਗਗਨ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਜੈਤੋ ਦੀ ਪੁਲਿਸ ਵਲੋਂ ਕੇਸ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਦੋਸ਼ੀ ਦੀ ਭਾਲ ਵਿਚ ਲੱਗ ਗਈ ਹੈ।