ਰਾਜਪਾਲ ਨੂੰ ਮੁਸ਼ਕਿਲਾਂ ਸੁਣਾਉਣ ਪਹੁੰਚੇ ਕਈ ਲੋਕਾਂ ਨੂੰ ਪ੍ਰਸ਼ਾਸਨ ਨੇ ਨਹੀਂ ਜਾਣ ਦਿੱਤਾ ਅੰਦਰ
ਚੋਗਾਵਾਂ, (ਅੰਮ੍ਰਿਤਸਰ), 7 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵਲੋਂ ਬਾਰਡਰ ਬੈਲਟ ਦੇ ਲੱਗਦੇ ਪਿੰਡਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਸਰਹੱਦੀ ਪਿੰਡਾਂ ਦੇ ਦੌਰੇ ਕੀਤੇ ਜਾ ਰਹੇ ਹਨ ਪਰ ਬਾਰਡਰ ਬੈਲਟ ਦੇ ਪਿੰਡਾਂ ਦੇ ਲੋਕਾਂ ਨੂੰ ਪ੍ਰਸ਼ਾਸਨ ਵਲੋਂ ਗੇਟ ਦੇ ਬਾਹਰ ਰੋਕ ਕੇ ਰਾਜਪਾਲ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ, ਜਿਸ ਦੇ ਰੋਸ ਵਜੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਚੋਗਾਵਾਂ ਦੇ ਪ੍ਰਧਾਨ ਗੁਰਲਾਲ ਸਿੰਘ ਕੱਕੜ, ਕਾਬਲ ਸਿੰਘ ਮਹਾਵਾ, ਰਾਜਬੀਰ ਸਿੰਘ, ਮੇਜਰ ਸਿੰਘ, ਭੁਪਿੰਦਰ ਸਿੰਘ ਆਦਿ ਨੇ ਇਕ ਸੁਰ ਵਿਚ ਕਿਹਾ ਕਿ ਸਰਹੱਦੀ ਪਿੰਡ ਕੱਕੜ ਵਿਖੇ ਰਾਜਪਾਲ ਦੀ ਆਮਦ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਸਵੇਰ ਤੋਂ ਹੀ ਪੱਬਾਂ ਭਾਰ ਹੋਇਆ ਪਿਆ ਸੀ। ਪਰ ਪ੍ਰਸ਼ਾਸਨ ਵਲੋਂ ਬਾਰਡਰ ਬੈਲਟ ਨਾਲ ਲੱਗਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਰੋਕ ਕੇ ਰਾਜਪਾਲ ਨੂੰ ਨਹੀਂ ਮਿਲਣ ਦਿੱਤਾ ਗਿਆ ਤੇ ਨਾ ਹੀ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਜਿਸ ਦਾ ਸਮੂਹ ਪਿੰਡਾਂ ਵਾਸੀਆਂ ਵਿਚ ਵੱਡਾ ਰੋਸ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਿਰਫ਼ ਖਾਨਾ ਪੂਰਤੀ ਕਰਕੇ ਲੋਕਾਂ ਦਾ ਸਮਾਂ ਬਰਬਾਦ ਕੀਤਾ ਹੈ। ਜਿਸ ਦਾ ਉਹ ਵਿਰੋਧ ਕਰਦੇ ਹਨ ਤੇ ਜੇਕਰ ਪਿੰਡਾਂ ਵਿਚ ਇਹੋ ਜਿਹਾ ਪ੍ਰੋਗਰਾਮ ਉਲੀਕਿਆ ਗਿਆ ਤਾਂ ਉਸ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਪੁਲਿਸ ਪ੍ਰਸ਼ਾਸਨ ਵਲੋਂ ਪ੍ਰੈਸ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ।