ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਕੀਤੀ ਬੈਰੀਕੇਡਿੰਗ, ਜਾਮ ’ਚ ਫ਼ਸੇ ਲੋਕ
ਚੰਡੀਗੜ੍ਹ, 18 ਅਕਤੂਬਰ (ਅਜਾਇਬ ਸਿੰਘ ਔਜਲਾ/ਤਰਵਿੰਦਰ ਬੈਨੀਪਾਲ)- ਚੰਡੀਗੜ੍ਹ ਵੱਲ ਪੰਜਾਬ ਤੋਂ ਆਉਣ ਵਾਲੇ ਬਹੁਤ ਸਾਰੇ ਰਸਤਿਆਂ ਨੂੰ ਪੁਲਿਸ ਵਲੋਂ ਰੋਕ ਦਿੱਤਾ ਗਿਆ ਹੈ। ਖ਼ਾਸ ਕਰਕੇ ਫਰਨੀਚਰ ਮਾਰਕੀਟ ਤੋਂ ਚੰਡੀਗੜ੍ਹ ਆਉਣ ਵਾਲੀ ਰੋਡ ਨੂੰ ਰੋਕਣ ਦੇ ਕਾਰਨ ਬੱਸ ਸਟੈਂਡ ਵੱਲ ਸੈਕਟਰ 43 ਵੱਲ ਆ ਰਹੇ ਲੋਕਾਂ ਨੂੰ ਵੱਡੇ ਵੱਡੇ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਕਿਸਾਨ ਆਗੂਆਂ ਜਿਨ੍ਹਾਂ ਵਿਚ 32 ਜਥੇਬੰਦੀਆਂ ਸ਼ਾਮਿਲ ਹਨ, ਵਲੋਂ ਪਹਿਲਾਂ ਮਿੱਥੇ ਪ੍ਰੋਗਰਾਮ ਅਨੁਸਾਰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਵਲ ਕੂਚ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਏਅਰ ਪੋਰਟ ਰੋਡ ’ਤੇ ਪੰਜਾਬ ਪੁਲਿਸ ਵਲੋਂ ਮਨਜੀਤ ਸਿੰਘ ਧਲੇਰ ਸਮੇਤ ਕਿਸਾਨ ਆਗੂਆਂ ਨੂੰ ਰੋਕੇ ਜਾਣ ’ਤੇ ਕਿਸਾਨਾਂ ਵਲੋਂ ਸੜਕ ਜਾਮ ਕਰ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।