ਰਾਸ਼ਟਰਪਤੀ ਭਵਨ ਪੁੱਜੇ ਕੋਰੀਆ ਦੇ ਰਾਸ਼ਟਰਪਤੀ, ਰਾਜਘਾਟ 'ਤੇ ਪਤਨੀ ਨਾਲ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
ਨਵੀਂ ਦਿੱਲੀ, 20 ਅਪ੍ਰੈਲ- ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ-ਮਯੁੰਗ ਭਾਰਤ ਦੇ ਤਿੰਨ ਦਿਨਾਂ ਦੇ ਸਰਕਾਰੀ ਦੌਰੇ 'ਤੇ ਹਨ। ਐਤਵਾਰ ਨੂੰ ਨਵੀਂ ਦਿੱਲੀ ਪਹੁੰਚੇ ਕੋਰੀਆਈ ਮਹਿਮਾਨਾਂ ਦਾ ਅੱਜ ਰਾਸ਼ਟਰਪਤੀ ਭਵਨ ਵਿਖੇ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਮੁਰਮੂ ਅਤੇ ਪ੍ਰਧਾਨ ਮੰਤਰੀ ਮੋਦੀ ਸਵਾਗਤ ਸਮਾਰੋਹ ਵਿਚ ਮੌਜੂਦ ਸਨ। ਰਾਸ਼ਟਰਪਤੀ ਲੀ ਜੇ ਮਯੁੰਗ ਅਤੇ ਉਨ੍ਹਾਂ ਦੀ ਪਤਨੀ ਕਿਮ ਹਿਆ ਕਯੁੰਗ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਵਿਦੇਸ਼ ਮੰਤਰਾਲੇ ਨੇ ਰਾਸ਼ਟਰਪਤੀ ਲੀ ਦੀ ਫੇਰੀ ਨੂੰ ਦੋਵਾਂ ਦੇਸ਼ਾਂ ਵਿਚਕਾਰ ਵਿਸ਼ੇਸ਼ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਇਕ ਮਹੱਤਵਪੂਰਨ ਮੀਲ ਪੱਥਰ ਦੱਸਿਆ। ਰਾਸ਼ਟਰਪਤੀ ਲੀ ਅੱਜ ਪ੍ਰਧਾਨ ਮੰਤਰੀ ਮੋਦੀ ਨਾਲ ਦੁਵੱਲੀ ਮੁਲਾਕਾਤ ਵੀ ਕਰਨਗੇ। ਦੋਵੇਂ ਨੇਤਾ ਜਹਾਜ਼ ਨਿਰਮਾਣ, ਵਪਾਰ, ਨਿਵੇਸ਼, ਏ.ਆਈ. ਅਤੇ ਸੈਮੀਕੰਡਕਟਰ ਸਮੇਤ ਵੱਖ-ਵੱਖ ਖੇਤਰਾਂ ਵਿਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਚਰਚਾ ਕਰਨਗੇ। ਉਹ ਮਹੱਤਵਪੂਰਨ ਅਤੇ ਉੱਭਰ ਰਹੀਆਂ ਤਕਨਾਲੋਜੀਆਂ, ਲੋਕਾਂ ਤੋਂ ਲੋਕਾਂ ਦੇ ਸੰਬੰਧਾਂ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ 'ਤੇ ਵੀ ਚਰਚਾ ਕਰਨਗੇ।
ਇਸ ਤੋਂ ਪਹਿਲਾਂ ਐਤਵਾਰ ਨੂੰ ਦਿੱਲੀ ਹਵਾਈ ਅੱਡੇ 'ਤੇ ਪਹੁੰਚੇ ਮਯੁੰਗ ਦਾ ਕੇਂਦਰੀ ਰਾਜ ਮੰਤਰੀ ਹਰਸ਼ ਮਲਹੋਤਰਾ ਨੇ ਸਵਾਗਤ ਕੀਤਾ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਫਿਰ ਰਾਸ਼ਟਰਪਤੀ ਲੀ ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਨੇ ਕਈ ਖੇਤਰਾਂ ਵਿਚ ਭਾਰਤ-ਕੋਰੀਆ ਸੰਬੰਧਾਂ ਨੂੰ ਡੂੰਘਾ ਕਰਨ ਲਈ ਲੀ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ।
;
;
;
;
;
;
;
;