JALANDHAR WEATHER

ਪੀ.ਐਸ.ਯੂ. ਵਲੋਂ ਪੀ.ਟੀ. ਏ. ਫੰਡਾਂ ਦੀ ਲੁੱਟ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ

ਜੈਤੋ, 10 ਮਾਰਚ (ਗੁਰਚਰਨ ਸਿੰਘ ਗਾਬੜੀਆ)- ਯੂਨੀਵਰਸਿਟੀ ਕਾਲਜ ਜੈਤੋ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਪੀ.ਐਸ.ਯੂ. ਵਲੋਂ ਵਿਦਿਆਰਥੀਆਂ ਤੋਂ ਵਸੂਲੇ ਜਾ ਰਹੇ ਨਾਜਾਇਜ਼ ਪੀ.ਟੀ.ਏ. ਫੰਡਾਂ ਅਤੇ ਕਾਲਜ ’ਚ ਪੱਕੇ ਪ੍ਰਿੰਸੀਪਲ ਦੀ ਘਾਟ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਕਾਲਜ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।

ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂ ਸੁਖਬੀਰ ਕੋਠੇ ਹਜ਼ੂਰਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਲ 2026-27 ਦੇ ਬਜਟ ਵਿਚ ਸਿੱਖਿਆ ਲਈ 19,279 ਕਰੋੜ ਰੁਪਏ ਰੱਖਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜੈਤੋ ਵਰਗੇ ਕਾਲਜਾਂ ਦੀ ਹਾਲਤ ਬੇਹੱਦ ਮਾੜੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੀ ਹੈ, ਦੂਜੇ ਪਾਸੇ ਗਰੀਬ ਵਿਦਿਆਰਥੀਆਂ ’ਤੇ ਪੀ.ਟੀ.ਏ. ਫੰਡਾਂ ਦਾ ਵਾਧੂ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਉਚੇਰੀ ਸਿੱਖਿਆ ਲਈ ਬਜਟ ਵਿਚ ਕਰੋੜਾਂ ਰੁਪਏ ਦੀ ਵਿਵਸਥਾ ਹੈ, ਤਾਂ ਫਿਰ ਜੈਤੋ ਵਰਗੇ ਕਾਲਜਾਂ ਦੇ ਬਿਜਲੀ ਬਿੱਲਾਂ, ਜਨਰੇਟਰ ਦੇ ਤੇਲ ਅਤੇ ਸਫਾਈ ਸੇਵਕਾਂ ਦੀਆਂ ਤਨਖਾਹਾਂ ਦਾ ਬੋਝ ਗਰੀਬ ਵਿਦਿਆਰਥੀਆਂ ਸਿਰ ਕਿਉਂ ਮੜਿਆ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਪੀ.ਟੀ.ਏ. ਫੰਡ ਦੇ ਨਾਂ ’ਤੇ ਕੀਤੀ ਜਾ ਰਹੀ ਇਹ ਉਗਰਾਹੀ ਸਿੱਧੇ ਤੌਰ ’ਤੇ ਸਿੱਖਿਆ ਦੇ ਵਪਾਰੀਕਰਨ ਦਾ ਹਿੱਸਾ ਹੈ, ਜਿਸ ਨੂੰ ਪੀ.ਐਸ.ਯੂ. ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਨੇ ਸਖ਼ਤ ਸ਼ਬਦਾਂ ’ਚ ਐਲਾਨ ਕੀਤਾ ਕਿ ਅੱਜ ਦੇ ਪ੍ਰਦਰਸ਼ਨ ਦੌਰਾਨ ਪ੍ਰਸ਼ਾਸਨ ਵਲੋਂ ਦਿੱਤੇ ਗਏ ਖੋਖਲੇ ਲਾਰਿਆਂ ਨੂੰ ਵਿਦਿਆਰਥੀ ਰੱਦ ਕਰਦੇ ਹਨ। ਜੇਕਰ ਪ੍ਰਸ਼ਾਸਨ ਨੇ ਤੁਰੰਤ ਕੋਈ ਠੋਸ ਲਿਖਤੀ ਹੱਲ ਨਾ ਪੇਸ਼ ਕੀਤਾ ਤਾਂ ਪੀ.ਐਸ.ਯੂ. ਵਲੋਂ ਕੱਲ੍ਹ ਜਾਂ ਪਰਸੋਂ ਦੁਬਾਰਾ ਕਾਲਜ ’ਚ ਤਿੱਖਾ ਪ੍ਰਦਰਸ਼ਨ ਉਲੀਕਿਆ ਜਾਵੇਗਾ ਅਤੇ ਇਸ ਵਾਰ ਸੰਘਰਸ਼ ਨੂੰ ਹੋਰ ਵਿਸ਼ਾਲ ਕਰਦਿਆਂ ਕਾਲਜ ਦਾ ਕੰਮਕਾਜ ਮੁਕੰਮਲ ਠੱਪ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ