ਸ੍ਰੀ ਚੋਲਾ ਸਾਹਿਬ ਦੇ ਮੇਲੇ ਮੌਕੇ ਗੋਲਕ ਨੂੰ ਅੱਗ ਲੱਗੀ
ਡੇਰਾ ਬਾਬਾ ਨਾਨਕ, 6 ਮਾਰਚ (ਹੀਰਾ ਸਿੰਘ ਮਾਂਗਟ)- ਅੱਜ ਸ਼ਾਮ ਸ੍ਰੀ ਚੋਲਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਮੌਕੇ ਇਤਿਹਾਸਿਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਦਰਬਾਰ ਸਾਹਿਬ ਦੇ ਅੰਦਰ ਚੱਲਦੀ ਕਥਾ ਦੌਰਾਨ ਮਹਾਰਾਜ ਦੀ ਹਜ਼ੂਰੀ ਦੇ ਅੱਗੇ ਰੱਖੀ ਗੋਲਕ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਸੰਗਤਾਂ ਨੇ ਦੱਸਿਆ ਕਿ ਗੋਲਕ ਵਿਚ ਲੱਗੀ ਅੱਗ ਨੂੰ ਵੇਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਅਤੇ ਸੰਗਤਾਂ ਵਿਚ ਹਫੜਾ-ਦਫੜੀ ਮਚ ਗਈ ਅਤੇ ਉਨ੍ਹਾਂ ਨੂੰ ਅੱਗ ਬੁਝਾਉਣ ਲਈ ਸਰੋਵਰ ਵਿਚੋਂ ਜਲ ਲਿਆ ਕੇ ਬਾਲਟੀਆਂ ਨਾਲ ਗੋਲਕ ਵਿਚ ਆਉਣਾ ਪਿਆ, ਜਿਸ ਨਾਲ ਅੱਗ ਉਤੇ ਕਾਬੂ ਪਾਇਆ ਗਿਆ।
ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਲੋਂ ਤੁਰੰਤ ਗੋਲਕ ਨੂੰ ਖੋਲ੍ਹ ਕੇ ਗੋਲਕ ਵਿਚਲੀ ਸਾਰੀ ਮਾਇਆ ਨੂੰ ਬਾਹਰ ਕੱਢਣਾ ਪਿਆ । ਇਸ ਅੱਗ ਲੱਗਣ ਸੰਬੰਧੀ ਜਦ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਗੋਸਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇੱਥੇ ਕੋਈ ਅੱਗ ਨਹੀਂ ਲੱਗੀ। ਜਦ ਉਨ੍ਹਾਂ ਨੂੰ ਗੋਲਕ ਵਿਚੋਂ ਮਾਇਆ ਕੱਢਣ ਤੇ ਗੋਲਕ ਵਿਚ ਪਾਣੀ ਪਾਉਣ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਿਵਾਏ ਅਸਲੀ ਗੱਲ ਦੱਸਣ ਦੇ ਇਹ ਕਿਹਾ ਕਿ ਸਾਨੂੰ ਉਪਰੋਂ ਹੁਕਮ ਹੋਇਆ ਹੈ ਕਿ ਜੰਗ ਲੱਗਣ ਦਾ ਖਤਰਾ ਹੈ, ਜਿਸ ਕਰਕੇ ਅਸੀਂ ਗੋਲਕ ਵਿਚੋਂ ਮਾਇਆ ਕੱਢ ਰਹੇ ਹਾਂ।
ਜਦ ਪੱਤਰਕਾਰਾਂ ਨੇ ਖੁਦ ਗੁਰਦੁਆਰਾ ਦਰਬਾਰ ਸਾਹਿਬ ਜਾ ਕੇ ਮੈਨੇਜਰ ਸਤਨਾਮ ਸਿੰਘ ਗੋਸਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੱਤਰਕਾਰਾਂ ਸਾਹਮਣੇ ਗੱਲ ਕਰਨੀ ਮੁਨਾਸਬ ਨਹੀਂ ਸਮਝੀ। ਅੱਗ ਲੱਗਣ ਦਾ ਕਾਰਨ ਨਿਹੰਗ ਸਿੰਘਾਂ ਵਲੋਂ ਦਰਬਾਰ ਸਾਹਿਬ ਅੰਦਰ ਕੀਤੀ ਜਾ ਰਹੀ ਆਰਤੀ ਦੱਸਿਆ ਜਾ ਰਿਹਾ ਹੈ। ਇਸ ਅੱਗ ਲੱਗਣ ਪਿੱਛੇ ਪ੍ਰਬੰਧਕਾਂ ਦੀ ਗਲਤੀ ਹੈ ਜਾਂ ਕਿਸ ਦੀ ਇਹ ਤੇ ਇਕ ਜਾਂਚ ਦਾ ਵਿਸ਼ਾ ਹੈ। ਇਸ ਬਾਰੇ ਕਿਸੇ ਵੀ ਸ਼੍ਰੋਮਣੀ ਕਮੇਟੀ ਅਧਿਕਾਰੀ ਵਲੋਂ ਅਜੇ ਪੁਸ਼ਟੀ ਨਹੀਂ ਕੀਤੀ ਗਈ ਅਤੇ ਇਸ ਅੱਗ ਲੱਗਣ ਦੇ ਅਸਲੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪਰ ਜੇਕਰ ਇਹ ਅੱਗ ਜ਼ਿਆਦਾ ਮਚ ਜਾਂਦੀ ਤਾਂ ਮਹਾਰਾਜ ਦੇ ਸਰੂਪ ਨੂੰ ਵੀ ਵੱਡਾ ਨੁਕਸਾਨ ਪਹੁੰਚ ਸਕਦਾ ਸੀ।
;
;
;
;
;
;
;
;