JALANDHAR WEATHER

ਦਿਨ ਦਿਹਾੜੇ ਨਵ ਵਿਆਹੀ ਔਰਤ ਨੂੰ ਮਾਰੀ ਗੋਲੀ, ਹਾਲਤ ਨਾਜ਼ੁਕ

ਪੱਟੀ (ਤਰਨਤਾਰਨ), 21 ਫਰਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ) - ਪੱਟੀ ਸ਼ਹਿਰ ਦੀ ਗਾਰਡਨ ਕਾਲੋਨੀ ਵਿਚ ਅੱਜ ਦਿਨ ਦਿਹਾੜੇ ਉਸ ਸਮੇਂ ਦਹਿਸ਼ਤ ਫੈਲ ਗਈ ਜਦ ਇਕ ਨੌਜਵਾਨ ਵਲੋਂ ਇਕ ਨਵ ਵਿਆਹੀ ਔਰਤ ਨੂੰ ਗੋਲੀ ਮਾਰ ਦਿੱਤੀ ਗਈ। ਜ਼ਖ਼ਮੀ ਔਰਤ ਨੂੰ ਤੁਰੰਤ ਸਰਕਾਰੀ ਹਸਪਤਾਲ ਪੱਟੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਗਾਰਡਨ ਕਾਲੋਨੀ ਨਿਵਾਸੀ ਅੰਸ਼ ਗਰੋਵਰ ਪੁੱਤਰ ਵਿਕਾਸ ਗਰੋਵਰ ਦਾ ਵਿਆਹ ਦੋ ਕੁ ਮਹੀਨੇ ਪਹਿਲਾਂ ਪੱਟੀ ਸਹਿਰ ਦੇ ਹੀ ਵਾਂਸ ਬਾਜ਼ਾਰ ਨਿਵਾਸੀ ਰੂਬੀ ਪੁੱਤਰੀ ਸੁਖਦੇਵ ਸਿੰਘ ਨਾਲ ਹੋਇਆ ਸੀ। ਅੱਜ ਦੇਰ ਸ਼ਾਮ ਅੰਸ਼ ਗਰੋਵਰ ਆਪਣੀ ਪਤਨੀ ਰੂਬੀ ਨਾਲ ਸਕੂਟਰੀ 'ਤੇ ਦਵਾਈ ਲੈਣ ਲਈ ਘਰੋਂ ਨਿਕਲਿਆ ਸੀ ਕਿ ਘਰ ਤੋਂ ਲਗਭਗ 100 ਮੀਟਰ ਦੀ ਦੂਰੀ ’ਤੇ ਹੀ ਇਕ ਅਣਪਛਾਤੇ ਨੌਜਵਾਨ ਨੇ ਉਨ੍ਹਾਂ ਦੀ ਸਕੂਟਰੀ ਰੋਕ ਕੇ ਪਹਿਲਾਂ ਅੰਸ਼ ਗਰੋਵਰ ਦੀ ਮਾਰਕੁਟਾਈ ਕਰਨੀ ਸੂਰੂ ਕੀਤੀ ਤੇ ਜਦ ਉਸ ਦੇ ਬਚਾਅ ਵਿਚ ਉਸ ਦੀ ਪਤਨੀ ਰੂਬੀ ਅੱਗੇ ਵਧੀ ਤਾਂ ਹਮਲਾਵਰ ਨੇ ਰੂਬੀ ਦੀ ਵੀ ਮਾਰਕੁਟਾਈ ਸੁਰੂ ਕਰ ਦਿੱਤੀ ਤੇ ਫਿਰ ਆਪਣੀ ਡੱਬ ਵਿਚੋਂ ਪਸਤੌਲ ਕੱਢ ਕੇ ਦੋ ਗੋਲੀਆਂ ਰੂਬੀ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ 'ਤੇ ਰੂਬੀ ਜਮੀਨ ਤੇ ਡਿੱਗ ਪਈ ਤੇ ਉਸ ਦਾ ਘਰ ਵਾਲਾ ਅੰਸ਼ ਮੋਕੇ ਤੋਂ ਫਰਾਰ ਹੋ ਗਿਆ। ਹਮਲਾਵਰ ਜੋ ਸਕੂਟਰੀ 'ਤੇ ਸਵਾਰ ਹੋ ਕੇ ਆਇਆ ਸੀ, ਉਹ ਰੂਬੀ ਨੂੰ ਗੋਲੀਆਂ ਮਾਰਨ ਤੋ ਬਾਅਦ ਦੋ ਮਿੰਟ ਦੇ ਕਰੀਬ ਵਾਰਦਾਤ ਵਾਲੀ ਜਗ੍ਹਾ 'ਤੇ ਹੀ ਖੜਾ ਰਿਹਾ ਤੇ ਜਾਣ ਲੱਗਿਆ ਇਕ ਗੋਲੀ ਰੂਬੀ ਦੇ ਹੋਰ ਮਾਰ ਗਿਆ।
ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਇਲਾਕੇ ਦੀ ਨਾਕਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸੰਬੰਧੀ ਅੰਸ਼ ਗਰੋਵਰ ਦੀ ਦਾਦੀ ਮੋਨਿਕਾ ਨੇ ਦੱਸਿਆ ਕਿ ਉਸ ਦੇ ਪੋਤਰੇ ਦਾ ਵਿਆਹ ਹਾਲ ਹੀ ਵਿਚ ਹੋਇਆ ਸੀ ਅਤੇ ਪਰਿਵਾਰ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ।
ਮੌਕੇ ’ਤੇ ਪਹੁੰਚੇ ਥਾਣਾ ਸਿਟੀ ਪੱਟੀ ਦੇ ਮੁਖੀ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕੀਤਾ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਅਤੇ ਹੋਰ ਸੁਰਾਗਾਂ ਦੇ ਆਧਾਰ ’ਤੇ ਹਮਲਾਵਰ ਦੀ ਪਛਾਣ ਲਈ ਜਾਂਚ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ