JALANDHAR WEATHER

ਰੇਲ ਮੰਤਰਾਲੇ ਵਲੋਂ ਉੱਤਰੀ ਰੇਲਵੇ ਦੇ 411.96 ਕਰੋੜ ਰੁਪਏ ਦੀ ਰਾਜਪੁਰਾ ਬਾਈਪਾਸ ਲਾਈਨ ਨੂੰ ਮਨਜ਼ੂਰੀ -ਰਵਨੀਤ ਸਿੰਘ ਬਿੱਟੂ

ਨਵੀਂ ਦਿੱਲੀ, 9 ਫਰਵਰੀ -ਰੇਲ ਮੰਤਰਾਲੇ ਨੇ ਉੱਤਰੀ ਰੇਲਵੇ ਦੇ ਸਭ ਤੋਂ ਵੱਧ ਰੁੱਝੇ ਹੋਏ ਖੰਡਾਂ ਵਿਚੋਂ ਇਕ ’ਤੇ ਭੀੜ ਘਟਾਉਣ ਦੇ ਉਦੇਸ਼ ਨਾਲ ਰਾਜਪੁਰਾ ਬਾਈਪਾਸ ਲਾਈਨ ਦੇ ਨਿਰਮਾਣ ਨੂੰ ਆਧਿਕਾਰਿਕ ਮਨਜ਼ੂਰੀ ਦੇ ਦਿੱਤੀ ਹੈ। ਮਾਣਯੋਗ ਰੇਲ ਮੰਤਰੀ ਤੋਂ ਮਨਜ਼ੂਰੀ ਪ੍ਰਾਪਤ ਕਰਨ ਉਪਰੰਤ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 411.96 ਕਰੋੜ ਰੁਪਏ ਹੈ ਅਤੇ ਇਸ ਨੂੰ ਰੇਲਵੇ ਬੋਰਡ ਦੀ ਸਿਫ਼ਾਰਸ਼ ਤੋਂ ਬਾਅਦ ਮਨਜ਼ੂਰੀ ਦਿੱਤੀ ਗਈ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਮਨਜ਼ੂਰਸ਼ੁਦਾ ਕੰਮ ਅਧੀਨ ਨਿਊ ਸ਼ੰਭੂ ਸਮਰਪਿਤ ਮਾਲ ਗਲਿਆਰਾ ਸਟੇਸ਼ਨ ਨੂੰ ਮੌਜੂਦਾ ਰਾਜਪੁਰਾ-ਬਠਿੰਡਾ ਲਾਈਨ ਦੇ ਕੌਲੀ ਸਟੇਸ਼ਨ ਨਾਲ ਜੋੜਣ ਲਈ 13.46 ਕਿਲੋਮੀਟਰ ਲੰਬੀ ਬਾਈਪਾਸ ਲਾਈਨ ਦਾ ਨਿਰਮਾਣ ਕੀਤਾ ਜਾਵੇਗਾ। ਇਹ ਰਣਨੀਤਿਕ ਜੋੜ ਭਾਰਤੀ ਰੇਲ ਦੀ “ਅੰਬਰੈਲਾ ਵਰਕ 2025-26” ਯੋਜਨਾ ਤਹਿਤ ਨਵੀਆਂ ਰੇਲ ਲਾਈਨਾਂ ਦੇ ਕੰਮ ਦਾ ਹਿੱਸਾ ਹੈ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਵਰਤਮਾਨ ਵਿਚ ਪੂਰੀ ਸਮਰੱਥਾ ਨਾਲ ਚੱਲ ਰਹੇ ਰਾਜਪੁਰਾ ਯਾਰਡ ’ਤੇ ਦਬਾਅ ਘਟਾਉਣਾ ਹੈ। ਰਵਨੀਤ ਸਿੰਘ ਬਿੱਟੂ ਨੇ ਇਹ ਵੀ ਕਿਹਾ ਕਿ ਅੰਬਾਲਾ-ਜਲੰਧਰ ਖੰਡ ਉੱਤਰੀ ਰੇਲਵੇ ਨੈੱਟਵਰਕ ਦੇ ਸਭ ਤੋਂ ਵੱਧ ਰੁੱਝੇ ਹੋਏ ਕੋਰਿਡੋਰਾਂ ਵਿਚੋਂ ਇਕ ਹੈ। ਜੇ ਸਮੇਂ ਸਿਰ ਹਸਤਖੇਪ ਨਾ ਕੀਤਾ ਗਿਆ ਤਾਂ 2030-31 ਤੱਕ ਇਸ ਖੇਤਰ ਵਿਚ ਲਾਈਨ ਸਮਰੱਥਾ ਦੀ ਵਰਤੋਂ 165 ਪ੍ਰਤੀਸ਼ਤ ਤੋਂ ਵੱਧ ਹੋਣ ਦੀ ਸੰਭਾਵਨਾ ਹੈ, ਜੋ ਵਧਦੇ ਟ੍ਰੈਫਿਕ ਕਾਰਨ ਹੋਰ ਦਬਾਅ ਪੈਦਾ ਕਰੇਗੀ। ਨਵੀਂ ਬਾਈਪਾਸ ਲਾਈਨ ਰੇਲਗੱਡੀਆਂ ਨੂੰ ਸਿੱਧੀ ਪਹੁੰਚ ਪ੍ਰਦਾਨ ਕਰੇਗੀ, ਜਿਸ ਨਾਲ ਉਹ ਰਾਜਪੁਰਾ ਯਾਰਡ ਦੀ ਭੀੜ ਤੋਂ ਪੂਰੀ ਤਰ੍ਹਾਂ ਬਚ ਸਕਣਗੀਆਂ। ਇਸ ਨਾਲ ਮਾਲ ਅਤੇ ਯਾਤਰੀ ਗੱਡੀਆਂ ਦੀ ਆਵਾਜਾਈ ਹੋਰ ਸੁਚਾਰੂ ਅਤੇ ਤੇਜ਼ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ