ਪਾਕਿਸਤਾਨ ਤੋਂ ਆਈ 125 ਕਰੋੜ ਦੀ ਹੈਰੋਇਨ ਤੇ ਅਸਲ੍ਹੇ ਸਮੇਤ ਕਾਬੂ ਦਰਾਣੀ-ਜਠਾਣੀ ਨੂੰ 3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਅਜਨਾਲਾ, 9 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਕੱਲ੍ਹ ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਦੀ 45 ਬਟਾਲੀਅਨ ਵਲੋਂ ਪਾਕਿਸਤਾਨ ਤੋਂ ਆਈ 25 ਕਿੱਲੋ ਹੈਰੋਇਨ ਅਤੇ ਅਸਲ੍ਹੇ ਸਮੇਤ ਗ੍ਰਿਫ਼ਤਾਰ ਕੀਤੀਆਂ ਦਰਾਣੀ-ਜਠਾਣੀ ਨੂੰ ਅੱਜ ਥਾਣਾ ਭਿੰਡੀ ਸੈਦਾਂ ਦੇ ਐਸ.ਐਚ.ਓ. ਸਬ -ਇੰਸਪੈਕਟਰ ਨਰਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਅਜਨਾਲਾ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵਲੋਂ ਉਨ੍ਹਾਂ ਨੂੰ 3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਐਸ.ਐਚ.ਓ. ਸਬ-ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਅਤੇ ਬੀ.ਐਸ.ਐਫ. ਦੇ ਸਾਂਝੇ ਆਪ੍ਰੇਸ਼ਨ ਦੌਰਾਨ ਸੂਚਨਾ ਦੇ ਆਧਾਰ 'ਤੇ ਗੁਰਜੰਟ ਸਿੰਘ ਵਾਸੀ ਪਿੰਡ ਘੋਗਾ ਦੇ ਘਰੋਂ ਤੂੜੀ ਵਿਚੋਂ 25 ਕਿੱਲੋ ਹੈਰੋਇਨ, 2 ਪਿਸਟਲ, 4 ਮੈਗਜ਼ੀਨ ਅਤੇ 60 ਜ਼ਿੰਦਾ ਕਾਰਤੂਸ ਬਰਾਮਦ ਕਰਕੇ ਸਰਬਜੀਤ ਕੌਰ ਅਤੇ ਹਰਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ ਗੁਰਜੰਟ ਸਿੰਘ ਤੇ ਉਸ ਦਾ ਭਰਾ ਗੁਰਲਾਲ ਸਿੰਘ ਫਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਸਰਬਜੀਤ ਕੌਰ ਅਤੇ ਹਰਪ੍ਰੀਤ ਕੌਰ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ,ਜਿਸ 'ਤੇ ਮਾਨਯੋਗ ਅਦਾਲਤ ਵਲੋਂ ਸਹਿਮਤ ਹੁੰਦਿਆਂ ਦੋਵਾਂ ਨੂੰ 3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ ।
;
;
;
;
;
;
;