ਜਾਂਚ ਲਈ ਲਿਆਂਦੇ ਵਿਅਕਤੀ ਨੇ ਪੁਲਿਸ ਚੌਕੀ ਅੰਦਰ ਕੀਤੀ ਖੁਦਕੁਸ਼ੀ

ਜਲੰਧਰ, 18 ਜੂਨ (ਐੱਮ. ਐੱਸ. ਲੋਹੀਆਂ)-ਲੈਦਰ ਕੰਪਲੈਕਸ ਚੌਕੀ ਦੀ ਪੁਲਿਸ ਵਲੋਂ ਜਾਂਚ ਲਈ ਲਿਆਂਦੇ ਗਏ ਇਕ ਵਿਅਕਤੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸੂਰਜ (34) ਵਾਸੀ ਨਾਖਾਂ ਵਾਲਾ ਬਾਗ ਵਜੋਂ ਦੱਸੀ ਗਈ ਹੈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਪਾਰਟੀ ਕਿਸੇ ਮਾਮਲੇ ਦੀ ਜਾਂਚ ਲਈ ਸੂਰਜ ਨੂੰ ਚੌਕੀ ਲੈ ਕੇ ਆਈ ਸੀ। ਜਦੋਂ ਪੁਲਿਸ ਮੁਲਾਜ਼ਮ ਉਸ ਲਈ ਖਾਣਾ ਲੈਣ ਗਏ ਹੋਏ ਸਨ ਤਾਂ ਪਿੱਛੋਂ ਇਕ ਗਰਿੱਲ ਨਾਲ ਫਾਹਾ ਲਗਾ ਕੇ ਸੂਰਜ ਨੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਸੂਰਜ ਖ਼ਿਲਾਫ਼ ਪਹਿਲਾਂ ਹੀ ਇਕ ਦਰਜਨ ਤੋਂ ਵੱਧ ਮੁਕੱਦਮੇ ਦਰਜ ਸਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਚੌਕੀ ਅੰਦਰ ਖੁਦਕੁਸ਼ੀ ਦੇ ਮਾਮਲੇ ਦੀ ਨਿਆਂਇਕ ਜਾਂਚ ਕਰਵਆਈ ਜਾਵੇਗੀ, ਜਿਸ ਤੋਂ ਬਾਅਦ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।