ਖੰਨਾ ਵਿਚ ਇਕ ਹੋਰ ਪੁਲਿਸ ਮੁਕਾਬਲਾ, 15 ਜੂਨ ਦੀ ਰਾਤ 2 ਗੁੱਟਾਂ ਵਿਚ ਚਲਾਈਆਂ ਸਨ ਗੋਲੀਆਂ


ਖੰਨਾ, (ਲੁਧਿਆਣਾ), 18 ਜੂਨ (ਹਰਜਿੰਦਰ ਸਿੰਘ ਲਾਲ)- 15 ਜੂਨ ਦੀ ਰਾਤ ਖੰਨਾ ਦੇ ਜੀ.ਟੀ ਰੋਡ ’ਤੇ 2 ਗਰੋਹਾਂ ਵਿਚ ਚੱਲੀਆਂ ਗੋਲੀਆਂ ਦੇ ਮਾਮਲੇ ਵਿਚ, ਜਿਸ ਵਿਚ ਇਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ, ਸੰਬੰਧੀ ਅੱਜ ਪੁਲਿਸ ਮੁਕਾਬਲਾ ਹੋਣ ਦੀ ਖਬਰ ਹੈ। ਐਸ.ਐਸ.ਪੀ. ਖੰਨਾ ਡਾ. ਜਯੋਤੀ ਯਾਦਵ ਬੈਂਸ ਅਨੁਸਾਰ ਪੁਲਿਸ ਨੇ ਕਰੀਬ 48 ਘੰਟਿਆਂ ਵਿਚ ਗੋਲੀਆਂ ਚਲਾਉਣ ਵਾਲੇ ਗੈਂਗ ਦੇ 4 ਮੈਂਬਰ ਅਤੇ ਉਨ੍ਹਾਂ ਦੇ ਹੋਰ ਸਾਥੀ ਕਾਬੂ ਕਰ ਲਏ ਸਨ ਅਤੇ ਪੂਰੇ ਗੈਂਗ ਦਾ ਪਰਦਾਫਾਸ਼ ਕਰ ਦਿੱਤਾ। ਐਸ.ਐਸ.ਪੀ. ਅਨੁਸਾਰ ਇਹ ਝਗੜਾ ਦੋ ਵਿਅਕਤੀਆਂ ਪ੍ਰਭਜੋਤ ਅਤੇ ਤੇਜਬੀਰ ਦਰਮਿਆਨ ਇਕ ਲੜਕੀ ਨੂੰ ਲੈ ਕੇ ਸ਼ੁਰੂ ਹੋਇਆ ਸੀ। ਦੋਵਾਂ ਵਿਅਕਤੀਆਂ ਨੇ ਵੱਖ ਵੱਖ ਗੈਂਗ ਪ੍ਰਭਜੋਤ ਨੇ ਭੁਚੀ ਪਿੰਡ ਗਰੋਹ ਅਤੇ ਤੇਜਬੀਰ ਨੇ ਗੈਰੀ ਗਗਨਜੀਤ ਅਤੇ ਗਗਨਜੀਤ ਰਾਵਣ ਗਰੋਹ ਦੀ ਮਦਦ ਲਈ ਸੀ। ਪੁੱਛਗਿੱਛ ਦੌਰਾਨ ਗਰੋਹ ਦੇ ਗਗਨਜੀਤ ਉਰਫ਼ ਰਾਵਣ ਨੇ ਦੱਸਿਆ ਕਿ ਵਾਰਦਾਤ ਵਿਚ ਵਰਤਿਆ ਪਿਸਤੌਲ ਪਿੰਡ ਭੱਟੀਆਂ ਨੇੜੇ ਉਜਾੜ ਥਾਂ ’ਤੇ ਲੁਕੋ ਕੇ ਰੱਖਿਆ ਹੈ। ਜਦੋਂ ਪੁਲਿਸ ਉਸ ਨੂੰ ਨਾਲ ਲੈ ਕੇ ਪਿਸਤੌਲ ਬਰਾਮਦ ਕਰਨ ਗਈ ਤਾਂ ਉਸ ਨੇ ਅਚਾਨਕ ਪਿਸਤੌਲ ਕੱਢ ਕੇ ਪੁਲਿਸ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦਰਮਿਆਨ ਹੋਏ ਝਗੜੇ ਵਿਚ ਕਥਿਤ ਦੋਸ਼ੀ ਦੀ ਲੱਤ ’ਤੇ ਗੋਲੀ ਲੱਗੀ। ਜਦੋਂ ਕਿ ਇਕ ਐਸ. ਐਚ. ਓ. ਤਰਵਿੰਦਰ ਬੇਦੀ ਵੀ ਜ਼ਖ਼ਮੀ ਹੋ ਗਏ। ਦੋਸ਼ੀ ਤੇ ਪੁਲਿਸ ਅਧਿਕਾਰੀ ਦੋਵਾਂ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।