ਨੌਜਵਾਨ ਨੇ ਮਹਿਲਾ ਸਬ-ਇੰਸਪੈਕਟਰ ਨੂੰ ਮਾਰਿਆ ਧੱਕਾ, ਹੋਇਆ ਵੱਡਾ ਹੰਗਾਮਾ

ਜਲੰਧਰ, 12 ਜੂਨ- ਪੱਛਮੀ ਹਲਕੇ ਦੇ ਬਸਤੀ ਸ਼ੇਖ ਦੀ ਘਾਹ ਮੰਡੀ ਵਿਚ ਵੱਡਾ ਹੰਗਾਮਾ ਹੋ ਗਿਆ, ਜਿੱਥੇ ਪੁਲਿਸ ਚੈੱਕ ਪੋਸਟ ਨੇੜੇ ਪੈਸਿਆਂ ਨੂੰ ਲੈ ਕੇ ਲੜ ਰਹੇ ਇਕ ਵਿਅਕਤੀ ਨੇ ਇਕ ਮਹਿਲਾ ਸਬ-ਇੰਸਪੈਕਟਰ ਦਾ ਕਾਲਰ ਫੜ ਲਿਆ ਅਤੇ ਉਸ ਨੂੰ ਧੱਕਾ ਦਿੱਤਾ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਉਸ ਵਿਅਕਤੀ ਦੀ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਪੁਲਿਸ ਉਸ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਲੈ ਆਈ, ਪਰ ਉਸ ਵਿਅਕਤੀ ਨੇ ਥਾਣੇ ਵਿਚ ਕਾਫ਼ੀ ਹੰਗਾਮਾ ਕੀਤਾ। ਜਦੋਂ ਨੌਜਵਾਨ ਦੇ ਪਰਿਵਾਰਕ ਮੈਂਬਰ ਥਾਣੇ ਆਏ ਤਾਂ ਪਤਾ ਲੱਗਾ ਕਿ ਨੌਜਵਾਨ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਜਿਸ ਤੋਂ ਬਾਅਦ ਨੌਜਵਾਨ ਨੂੰ ਛੱਡ ਦਿੱਤਾ ਗਿਆ। ਫ਼ੋਨ ’ਤੇ ਗੱਲਬਾਤ ਦੌਰਾਨ ਏ.ਡੀ.ਸੀ.ਪੀ. ਸਿਟੀ-2 ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਥਾਣਾ-5 ਦੀ ਇਕ ਟੀਮ ਇਕ ਮਹਿਲਾ ਸਬ-ਇੰਸਪੈਕਟਰ ਨਾਲ ਘਾਹ ਮੰਡੀ ਚੌਕ ’ਤੇ ਨਾਕਾਬੰਦੀ ਕਰਕੇ ਜਾਂਚ ਕਰ ਰਹੀ ਸੀ। ਇਸ ਦੌਰਾਨ ਚੈੱਕ ਪੋਸਟ ਤੋਂ 50 ਮੀਟਰ ਦੀ ਦੂਰੀ ’ਤੇ ਦੋ ਵਿਅਕਤੀ ਆਪਸ ਵਿਚ ਲੜ ਰਹੇ ਸਨ। ਜਦੋਂ ਪੁਲਿਸ ਝਗੜਾ ਰੋਕਣ ਗਈ ਤਾਂ ਇਕ ਨੌਜਵਾਨ ਨੇ ਮਹਿਲਾ ਅਫ਼ਸਰ ਦਾ ਕਾਲਰ ਫੜ ਲਿਆ ਅਤੇ ਉਸ ਨੂੰ ਧੱਕਾ ਦੇ ਦਿੱਤਾ। ਇਸ ਤੋਂ ਬਾਅਦ ਟੀਮ ਨੇ ਕਿਸੇ ਤਰ੍ਹਾਂ ਉਸ ਨੂੰ ਕਾਬੂ ਕਰ ਲਿਆ, ਪਰ ਉਸਨੂੰ ਛੱਡ ਦਿੱਤਾ ਕਿਉਂਕਿ ਉਹ ਮਾਨਸਿਕ ਮਰੀਜ਼ ਸੀ।