ਜਹਾਜ਼ ਹਾਦਸਾ: ਇਕੋ ਇਕ ਬਚੇ ਰਮੇਸ਼ ਦੇ ਘਰ ਵੱਡੀ ਗਿਣਤੀ ਪੁੱਜੇ ਲੋਕ

ਲੈਸਟਰ (ਇੰਗਲੈਂਡ), 13 ਜੂਨ (ਸੁਖਜਿੰਦਰ ਸਿੰਘ ਢੱਡੇ)- ਕੱਲ੍ਹ ਵੀਰਵਾਰ ਨੂੰ ਅਹਿਮਦਾਬਾਦ ਤੋਂ ਇੰਗਲੈਂਡ ਦੇ ਗੈਟਵਿਕ ਏਅਰਪੋਰਟ ਲਈ ਰਵਾਨਾ ਹੋਏ ਏਅਰ ਇੰਡੀਆ ਦੇ ਜਹਾਜ਼ ਨੂੰ ਉਡਾਨ ਭਰਨ ਤੋਂ 30 ਸਕਿੰਡ ਬਾਅਦ ਕ੍ਰੈਸ਼ ਹੋਣ ਮੌਕੇ ਜਹਾਜ਼ ਵਿਚ ਸਵਾਰ 242 ਮੁਸਾਫਰਾਂ ’ਚੋਂ 241 ਦੇ ਮਾਰੇ ਜਾਣ ਦੀ ਦੁਖਦਾਈ ਘਟਨਾ ਨੇ ਜਿੱਥੇ ਸੰਸਾਰ ’ਚ ਵੱਸਦੇ ਭਾਰਤੀਆਂ ਤੇ ਬ੍ਰਿਟਿਸ਼ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਉਥੇ ਇਸੇ ਦੌਰਾਨ ਜਹਾਜ਼ ਤੋਂ ਐਮਰਜੈਂਸੀ ਦਰਵਾਜ਼ੇ ਰਾਹੀਂ ਛਾਲ ਮਾਰ ਕੇ ਆਪਣੀ ਜਾਨ ਬਚਾਉਣ ਵਾਲੇ ਇਕਲੌਤੇ 38 ਸਾਲਾਂ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਵਾਸੀ ਦੀਉ ਦਮਨ ਨਾਲ ਸੰਬੰਧਿਤ ਨੌਜਵਾਨ ਰਮੇਸ਼ ਵਿਸਵਾਸ ਕੁਮਾਰ ਦੀ ਬਹਾਦਰੀ ਦੀ ਵੀ ਬੜੇ ਵੱਡੇ ਪੱਧਰ ’ਤੇ ਚਰਚਾ ਹੋ ਰਹੀ ਹੈ। ਜਹਾਜ਼ ਦੀ 11 ਨੰਬਰ ਸ਼ੀਟ ’ਤੇ ਬੈਠੇ ਰਮੇਸ਼ ਵਿਸ਼ਵਾਸ ਕੁਮਾਰ ਵਲੋਂ ਜਹਾਜ਼ ਤੋਂ ਛਾਲ ਮਾਰਨ ਕਾਰਨ ਉਸ ਦੀ ਜਾਨ ਤਾਂ ਬਚ ਗਈ, ਪਰ ਉਸ ਦੇ ਨਾਲ ਜਹਾਜ ਵਿਚ ਸਫਰ ਕਰ ਰਹੇ ਉਸ ਦੇ ਛੋਟੇ ਭਰਾ 34 ਸਾਲਾਂ ਅਜੇ ਕੁਮਾਰ ਬਾਰੇ ਪਰਿਵਾਰ ਨੂੰ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਰਹੀ। ਉਸ ਦੇ ਪਿਤਾ ਨੇ ਦੱਸਿਆ ਕਿ ਭਾਰਤੀ ਸਮੇਂ ਅਨੁਸਾਰ 1 ਵਜੇ ਜਹਾਜ਼ ਉਡਾਨ ਭਰ ਰਿਹਾ ਸੀ ਤਾਂ ਉਸ ਦੀ ਉਸ ਦੇ ਦੋਵਾਂ ਬੇਟਿਆਂ ਰਮੇਸ਼ ਵਿਸ਼ਵਾਸ ਕੁਮਾਰ ਅਤੇ ਅਜੇ ਕੁਮਾਰ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਹੋ ਰਹੀ ਸੀ, ਇਸੇ ਦੌਰਾਨ ਹੀ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਰਮੇਸ਼ ਵਿਸਵਾਸ ਕੁਮਾਰ ਇਸ ਵੇਲੇ ਜ਼ੇਰੇ ਇਲਾਜ ਹੈ ਅਤੇ ਉਹਨਾਂ ਦੀ ਉਸ ਨਾਲ ਫੋਨ ਰਾਹੀਂ ਗੱਲਬਾਤ ਵੀ ਹੋ ਚੁੱਕੀ ਹੈ। ਰਮੇਸ਼ ਵਿਸਵਾਸ ਕੁਮਾਰ ਦੇ ਲੈਸਟਰ ਸਥਿਤ ਘਰ ਵਿਚ ਉਨ੍ਹਾਂ ਦੋਵਾਂ ਭਰਾਵਾਂ ਦੇ ਮੌਜੂਦਾ ਹਾਲਾਤ ਬਾਰੇ ਜਾਨਣ ਲਈ ਵੱਡੀ ਗਿਣਤੀ ’ਚ ਲੋਕ ਅਤੇ ਬ੍ਰਿਟਿਸ਼ ਮੀਡੀਆ ਉਨ੍ਹਾਂ ਦੇ ਘਰ ਪੁੱਜਿਆ ਹੋਇਆ ਹੈ।