ਆਪ੍ਰੇਸ਼ਨ ਸੰਧੂਰ-ਵਿਦੇਸ਼ ਤੋਂ ਪਰਤੇ ਵਫ਼ਦ ਅੱਜ ਪ੍ਰਧਾਨ ਮੰਤਰੀ ਮੋਦੀ ਨਾਲ ਕਰਨਗੇ ਮੁਲਾਕਾਤ

ਨਵੀਂ ਦਿੱਲੀ, 10 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਰਬ-ਪਾਰਟੀ ਵਫ਼ਦ ਨਾਲ ਮੁਲਾਕਾਤ ਕਰਨਗੇ, ਜੋ ਦੁਨੀਆ ਨੂੰ ਆਪ੍ਰੇਸ਼ਨ ਸੰਧੂਰ ਅਤੇ ਅੱਤਵਾਦ ਵਿਰੁੱਧ ਭਾਰਤ ਦੇ ਸਟੈਂਡ ਬਾਰੇ ਦੱਸਣ ਗਿਆ ਸੀ। ਇਹ ਮੀਟਿੰਗ ਸ਼ਾਮ 7 ਵਜੇ ਪ੍ਰਧਾਨ ਮੰਤਰੀ ਦੇ ਨਿਵਾਸ ਸਥਾਨ 7, ਲੋਕ ਕਲਿਆਣ ਮਾਰਗ ’ਤੇ ਹੋਵੇਗੀ। ਇਸ ਦੌਰਾਨ ਸਾਰੇ ਵਫ਼ਦ ਸਮੂਹ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੇ ਵਿਦੇਸ਼ ਦੌਰੇ ਦੌਰਾਨ ਹੋਈ ਗੱਲਬਾਤ ਬਾਰੇ ਜਾਣਕਾਰੀ ਦੇਣਗੇ। ਆਪ੍ਰੇਸ਼ਨ ਸੰਧੂਰ ਤੋਂ ਬਾਅਦ, ਕੇਂਦਰ ਸਰਕਾਰ ਨੇ ਵੱਖ-ਵੱਖ ਪਾਰਟੀਆਂ ਦੇ 59 ਸੰਸਦ ਮੈਂਬਰਾਂ ਨੂੰ 33 ਦੇਸ਼ਾਂ ਵਿਚ ਭੇਜਿਆ ਸੀ। ਇਨ੍ਹਾਂ ਸੰਸਦ ਮੈਂਬਰਾਂ ਨੂੰ 7 ਸਰਬ-ਪਾਰਟੀ ਵਫ਼ਦਾਂ ਵਿਚ ਵੰਡਿਆ ਗਿਆ ਸੀ। ਵਫ਼ਦ ਵਿਚ 8 ਸਾਬਕਾ ਡਿਪਲੋਮੈਟ ਵੀ ਸ਼ਾਮਿਲ ਸਨ। ਦੱਸ ਦੇਈਏ ਕਿ 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਵਿਚ 26 ਸੈਲਾਨੀ ਮਾਰੇ ਗਏ ਸਨ। ਇਸ ਦੇ ਜਵਾਬ ਵਿਚ, 7 ਮਈ ਨੂੰ, ਆਪ੍ਰੇਸ਼ਨ ਸੰਧੂਰ ਦੇ ਤਹਿਤ ਭਾਰਤ ਨੇ ਪਾਕਿਸਤਾਨ ਵਿਚ 9 ਅੱਤਵਾਦੀ ਠਿਕਾਣਿਆਂ ’ਤੇ ਹਵਾਈ ਹਮਲੇ ਕੀਤੇ। ਇਸ ਵਿਚ 100 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ।