JALANDHAR WEATHER

10-06-2025

 ਨਸ਼ਾ ਸੁਦਾਗਰਾਂ ਨੂੰ ਵੀ ਨੱਥ ਪਾਓ

ਪੰਜਾਬ ਵਿਚ ਪਿਛਲੇ ਲੰਮੇ ਸਮੇਂ ਤੋਂ ਮਾਰੂ ਨਸ਼ਿਆਂ ਦੀ ਚੱਲ ਰਹੀ ਹਨ੍ਹੇਰੀ ਨੇ ਪੰਜਾਬ ਦੇ ਬਹੁਤੇ ਘਰਾਂ ਦੇ ਬਲਦੇ ਦੀਵੇ ਬੁਝਾ ਦਿੱਤੇ ਹਨ। ਇਨ੍ਹਾਂ ਨਸ਼ਿਆਂ ਨੇ ਮਾਵਾਂ ਦੇ ਪੁੱਤ ਖੋਹ ਲਏ, ਭੈਣਾਂ ਦੀਆਂ ਰੱਖੜੀਆਂ, ਸੁਹਾਗਣਾਂ ਦੀਆਂ ਬਾਹਾਂ 'ਚ ਪਾਈਆਂ ਚੂੜੀਆਂ ਚੂਰ-ਚੂਰ ਕਰ ਦਿੱਤੀਆਂ ਹਨ। ਜਿਥੇ ਅੱਜ ਪੰਜਾਬ ਦੀ ਨੌਜਵਾਨੀ ਨੂੰ ਘਾਤ ਲਾ ਕੇ ਖ਼ਤਮ ਕੀਤਾ ਜਾ ਰਿਹਾ ਹੈ, ਇਕ ਤਰ੍ਹਾਂ ਨਾਲ ਸਾਜਿਸ਼ਾਂ ਰਾਹੀਂ ਪੰਜਾਬ ਨੂੰ ਨੌਜਵਾਨੀ ਤੋਂ ਵਿਰਲੇ ਕੀਤਾ ਜਾ ਰਿਹਾ ਹੈ। ਇਕ ਤਰ੍ਹਾਂ ਨਾਲ ਸਾਜਿਸ਼ਾਂ ਰਾਹੀਂ ਪੰਜਾਬ ਨੂੰ ਨੌਜਵਾਨੀ ਤੋਂ ਵਿਰਲੇ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਾ ਵੇਚਣ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਨਸ਼ੇ ਦੇ ਵੱਡੇ ਸੁਦਾਗਰਾਂ ਨੂੰ ਵੀ ਛੇਤੀ ਨੱਥ ਪਾਈ ਜਾਵੇ।

-ਬੰਤ ਸਿੰਘ ਘੁਡਾਣੀ
ਲੁਧਿਆਣਾ।

ਮੁਲਾਜ਼ਮਾਂ ਦੀਆਂ ਤਨਖ਼ਾਹਾਂ ਜਾਰੀ ਹੋਣ

ਪੰਜਾਬ ਸਰਕਾਰ ਦੁਆਰਾ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਜਾਰੀ ਕਰਨ ਵਿਚ ਦੇਰੀ ਕਰਨਾ ਸਰਕਾਰ ਦੀ ਵੱਡੀ ਨਾਕਾਮੀ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਦੁਆਰਾ ਜ਼ੁਬਾਨ ਰੋਕ ਲਗਾ ਕੇ ਤਨਖ਼ਾਹਾਂ ਰੋਕ ਦਿੱਤੀਆਂ ਜਾਂਦੀਆਂ ਹਨ। ਤਨਖਾਹ ਤੋਂ ਇਲਾਵਾ ਬਾਕੀ ਸਾਰੀਆਂ ਅਦਾਇਗੀਆਂ 'ਤੇ ਵੀ ਰੋਕ ਲਗਾਈ ਗਈ ਹੈ। ਜਿਸ ਕਰਕੇ ਮੁਲਾਜ਼ਮਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਤਨਖ਼ਾਹਾਂ ਸਮੇਂ ਸਿਰ ਨਾ ਆਉਣ ਕਰਕੇ ਮੁਲਾਜ਼ਮਾਂ ਦੀਆਂ ਕਿਸ਼ਤਾਂ ਬਾਊਂਸ ਹੋ ਜਾਂਦੀਆਂ ਹਨ, ਜਿਸ ਕਰਕੇ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ। ਪੰਜਾਬ ਸਰਕਾਰ ਇਕ ਪਾਸੇ ਵੱਡੇ-ਵੱਡੇ ਪੋਸਟਰਾਂ ਅਤੇ ਮਸ਼ਹੂਰੀਆਂ ਰਾਹੀਂ ਵਿਕਾਸ ਦੇ ਦਾਅਵੇ ਕਰ ਰਹੀ ਹੈ ਅਤੇ ਕਹਿ ਰਹੀ ਹੈ ਕਿ ਪੰਜਾਬ ਸਰਕਾਰ ਖ਼ਜ਼ਾਨੇ ਪੱਖੋਂ ਬਹੁਤ ਖ਼ੁਸ਼ਹਾਲ ਹੈ। ਪਰ ਸਮੇਂ ਸਿਰ ਤਨਖ਼ਾਹਾਂ ਜਾਰੀ ਨਾ ਕਰਨਾ ਸਮਝ ਤੋਂ ਬਾਹਰ ਹੈ। ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਮੁਲਾਜ਼ਾਂ ਨੂੰ 2-3 ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ। ਸਰਕਾਰ ਦੁਆਰਾ ਇਸ ਤਰ੍ਹਾਂ ਤਨਖ਼ਾਹਾਂ 'ਤੇ ਰੋਕ ਲਗਾਉਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਸਰਕਾਰ ਆਰਥਿਕ ਮੰਦਹਾਲੀ ਵੱਲ ਵਧ ਰਹੀ ਹੈ।

-ਚਰਨਜੀਤ ਸਿੰਘ
ਮੁਕਤਸਰ।

ਵਧ ਰਹੇ ਸੜਕ ਹਾਦਸੇ

ਜਿਉਂ-ਜਿਉਂ ਆਵਾਜਾਈ ਦੇ ਸਾਧਨਾਂ 'ਚ ਵਾਧਾ ਹੋ ਰਿਹਾ ਹੈ ਤਿਉਂ-ਤਿਉਂ ਸੜਕ ਹਾਦਸਿਆਂ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ ਹੈ। ਅਸੀਂ ਅਖ਼ਬਾਰਾਂ, ਖ਼ਬਰਾਂ 'ਚ ਜਾਂ ਕਈ ਵਾਰੀ ਅੱਖੀਂ ਵੀ ਦੇਖਦੇ ਹਾਂ ਕਿ ਹਰ ਰੋਜ਼ ਕਿਤੇ ਨਾ ਕਿਤੇ ਸੜਕ ਹਾਦਸਾ ਜ਼ਰੂਰ ਹੋਇਆ ਹੁੰਦਾ ਹੈ, ਜਿਸ 'ਚ ਜਾਨੀ ਨੁਕਸਾਨ ਵੀ ਅਕਸਰ ਹੁੰਦਾ ਹੈ। ਇਨ੍ਹਾਂ ਸੜਕ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਕਿਸੇ ਇਕ ਡਰਾਈਵਰ ਵਲੋਂ ਵਰਤੀ ਅਣਗਹਿਲੀ ਹੁੰਦਾ ਹੈ। ਸਭ ਤੋਂ ਵੱਧ ਹਾਦਸੇ ਟਰੱਕ ਜਾਂ ਬੱਸਾਂ ਦੁਆਰਾ ਕੀਤੇ ਜਾਂਦੇ ਹਨ। ਬੱਸ ਡਰਾਈਵਰ ਤਾਂ ਲੋੜ ਤੋਂ ਜ਼ਿਆਦਾ ਤੇਜ਼ ਰਫ਼ਤਾਰ 'ਚ ਬੱਸਾਂ ਚਲਾਉਂਦੇ ਹਨ ਤੇ ਬੱਸ ਚਲਾਉਂਦੇ ਸਮੇਂ ਅੱਗੇ ਵੀ ਨੀਂ ਦੇਖਦੇ ਜਿਸ ਕਰਕੇ ਕਈ ਵਾਹਨ ਇਨ੍ਹਾਂ ਦੀ ਚਪੇਟ ਵਿਚ ਆ ਜਾਂਦੇ ਹਨ। ਟਰੱਕਾਂ ਦਾ ਵੀ ਕੋਈ ਨਿਸਚਿਤ ਸਮਾਂ ਤੈਅ ਕੀਤਾ ਜਾਵੇ ਤੇ ਓਵਰਲੋਡਿੰਗ ਵਾਲੇ ਟਰੱਕਾਂ ਨੂੰ ਸੜਕਾਂ 'ਤੋਂ ਚੜ੍ਹਨੋਂ ਰੋਕਣਾ ਚਾਹੀਦਾ ਹੈ। ਸਹੀ ਮਾਅਨਿਆਂ 'ਚ ਕਾਨੂੰਨ ਅਨੁਸਾਰ ਕਾਰਵਾਈ ਕਰਕੇ ਹੀ ਸੜਕ ਹਾਦਸਿਆਂ ਨੂੰ ਟਾਲਿਆ ਜਾ ਸਕਦਾ ਹੈ।

-ਜੋਬਨ ਖਹਿਰਾ
ਪਿੰਡ ਖਹਿਰਾ, ਤਹਿਸੀਲ ਸਮਰਾਲਾ, ਜ਼ਿਲਾ ਲੁਧਿਆਣਾ।