JALANDHAR WEATHER

ਪੰਜਾਬ ਪੁਲਿਸ ਨੇ ਟਿੰਡਰ ਤੋਂ ਅੰਮ੍ਰਿਤਪਾਲ ਸਿੰਘ ਨਾਲ ਜੁੜੇ ਸ਼ੱਕੀ ਖਾਤੇ ਬਾਰੇ ਮੰਗੀ ਜਾਣਕਾਰੀ

ਚੰਡੀਗੜ੍ਹ, 7 ਜੂਨ-ਪੰਜਾਬ ਪੁਲਿਸ ਨੇ ਡੇਟਿੰਗ ਐਪ ਟਿੰਡਰ ਤੋਂ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਜੁੜੇ ਹੋਣ ਦੇ ਸ਼ੱਕ ’ਚ ਇਕ ਅਕਾਊਂਟ ਬਾਰੇ ਜਾਣਕਾਰੀ ਮੰਗੀ ਹੈ। ਅੰਮ੍ਰਿਤਪਾਲ ਸਿੰਘ ’ਤੇ ਇਕ ਸਿੱਖ ਕਾਰਕੁਨ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਫਰੀਦਕੋਟ ਪੁਲਿਸ ਨੇ ਟਿੰਡਰ ਨੂੰ ਲਿਖੇ ਪੱਤਰ ’ਚ ਕਿਹਾ ਕਿ ਉਹ ਸਿੱਖ ਕਾਰਕੁਨ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਕੇਸ ਦੀ ਜਾਂਚ ਕਰ ਰਹੀ ਹੈ, ਜਿਸ ਦੀ ਪਿਛਲੇ ਸਾਲ 9 ਅਕਤੂਬਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ ਜਦੋਂ ਉਹ ਅਪਣੇ ਮੋਟਰਸਾਈਕਲ ’ਤੇ ਪਿੰਡ ਦੇ ਗੁਰਦੁਆਰੇ ਤੋਂ ਘਰ ਪਰਤ ਰਿਹਾ ਸੀ। ਹਰੀ ਨੌ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਸੰਗਠਨ ‘ਵਾਰਿਸ ਪੰਜਾਬ ਦੇ’ ਦਾ ਮੈਂਬਰ ਸੀ। ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਪਿਛਲੇ ਸਾਲ ਅਕਤੂਬਰ ’ਚ ਦਾਅਵਾ ਕੀਤਾ ਸੀ ਕਿ ਹਰੀਨੌ ਦੀ ਹੱਤਿਆ ਕਥਿਤ ਤੌਰ ’ਤੇ ਅੰਮ੍ਰਿਤਪਾਲ ਸਿੰਘ ਦੇ ਇਸ਼ਾਰੇ ’ਤੇ ਕੀਤੀ ਗਈ ਸੀ, ਜੋ ਇਸ ਸਮੇਂ ਸਖਤ ਕੌਮੀ ਸੁਰੱਖਿਆ ਐਕਟ ਤਹਿਤ ਜੇਲ ’ਚ ਹੈ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਗੈਂਗਸਟਰ ਤੋਂ ਅੱਤਵਾਦੀ ਬਣਿਆ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਕਤਲ ਦਾ ਮੁੱਖ ਸਾਜ਼ਿਸ਼ਕਰਤਾ ਸੀ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.) ਅਤੇ ਆਰਮਜ਼ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਦਰਜ ਮਾਮਲੇ ਵਿਚ ਗਰੋਹ ਦੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ 26 ਮਈ ਨੂੰ ਲਿਖੇ ਪੱਤਰ ’ਚ ਲਿਖਿਆ ਹੈ ਕਿ ਪੰਜਾਬ ਪੁਲਿਸ ਇੰਡੀਆ ਇਸ ਸਮੇਂ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.) 2023 ਦੀ ਧਾਰਾ 103 (1), 126 (2) ਅਤੇ 3 (5) ਤਹਿਤ ਐਫ.ਆਈ.ਆਰ. ਨੰਬਰ 159 ਮਿਤੀ 10-10-2024 ਤਹਿਤ ਦਰਜ ਕਤਲ ਦੇ ਕੇਸ ਦੀ ਜਾਂਚ ਕਰ ਰਹੀ ਹੈ। 9 ਅਕਤੂਬਰ 2024 ਨੂੰ ਇਕ ਮਸ਼ਹੂਰ ਆਨਲਾਈਨ ਕਾਰਕੁਨ ਗੁਰਪ੍ਰੀਤ ਸਿੰਘ ਨੂੰ ਮੋਟਰਸਾਈਕਲ ’ਤੇ ਸਵਾਰ ਦੋ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਮ੍ਰਿਤਕ ਫੇਸਬੁੱਕ ਪੇਜ ‘ਹਰੀਨੌ ਟਾਕਸ’ ਚਲਾਉਂਦਾ ਸੀ ਅਤੇ ਅੰਮ੍ਰਿਤਪਾਲ ਸਿੰਘ ਵਿਰੁੱਧ ਖੁੱਲ੍ਹ ਕੇ ਬੋਲਦਾ ਸੀ। ਸ਼ੂਟਰਾਂ ਨੂੰ ਫੜ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਲਿਖਿਆ ਹੈ ਕਿ ਜਾਂਚ ਦੌਰਾਨ ਅੰਮ੍ਰਿਤ ਸੰਧੂ ਨਾਮ ਦੇ ਟਿੰਡਰ ਖਾਤੇ ਦੀ ਪਛਾਣ ਕੀਤੀ ਗਈ ਅਤੇ ਸ਼ੱਕ ਹੈ ਕਿ ਇਹ ਖਾਤਾ ਉਕਤ ਐਫ.ਆਈ.ਆਰ. ’ਚ ਮੁਲਜ਼ਮ ਅੰਮ੍ਰਿਤਪਾਲ ਸਿੰਘ ਨਾਲ ਜੁੜਿਆ ਹੋਇਆ ਹੈ ਜੋ ਜਾਂਚ ਏਜੰਸੀ ਨੂੰ ਐਫ.ਆਈ.ਆਰ. ਨਾਲ ਸਬੰਧਤ ਸਬੂਤ ਪ੍ਰਦਾਨ ਕਰ ਸਕਦਾ ਹੈ। ਪੁਲਿਸ ਨੇ ਟਿੰਡਰ ਤੋਂ ਪ੍ਰਯੋਗਕਰਤਾ ਦੇ ਵੇਰਵੇ, ਨਾਮ, ਜਨਮ ਮਿਤੀ, ਫੋਨ ਨੰਬਰ, ਸਥਾਨ ਦੀ ਜਾਣਕਾਰੀ ਅਤੇ ਖਾਤੇ ਦੇ 1 ਜਨਵਰੀ, 2019 ਤੋਂ ਆਈ.ਪੀ. ਐਡਰੈੱਸ ਲੌਗ ਮੰਗੇ ਹਨ। ਇਸ ਨੇ ਸਾਰੇ ਲਿੰਕਡ ਈ-ਮੇਲ ਆਈ.ਡੀ. ਅਤੇ ਫੋਨ ਨੰਬਰ, ਅਕਾਊਂਟ ਦੋਸਤਾਂ/ਸੰਪਰਕਾਂ ਦੀ ਸੂਚੀ ਵਲੋਂ ਅਪਲੋਡ ਕੀਤੀਆਂ ਤਸਵੀਰਾਂ ਅਤੇ ਮੀਡੀਆ ਫਾਈਲਾਂ, ਆਪਸੀ ਚੈਟ ਹਿਸਟਰੀ ਅਤੇ ਟਿੰਡਰ ਮੰਚ ਰਾਹੀਂ ਆਦਾਨ-ਪ੍ਰਦਾਨ ਕੀਤੇ ਸੰਦੇਸ਼ਾਂ ਅਤੇ ਕਿਸੇ ਹੋਰ ਵੇਰਵੇ ਬਾਰੇ ਵੀ ਜਾਣਕਾਰੀ ਮੰਗੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ