
ਮੌੜ ਮੰਡੀ, (ਬਠਿੰਡਾ), 3 ਮਾਰਚ (ਗੁਰਜੀਤ ਸਿੰਘ ਕਮਾਲੂ)- ਮੌੜ ਸ਼ਹਿਰ ਵਿਚ ਸੀਵਰੇਜ ਦੇ ਮੰਦੇ ਹਾਲ ਨੂੰ ਲੈ ਕੇ ਅੱਜ ਰਾਮਗੜੀਆਂ ਭਾਈਚਾਰਾ, ਟਰੇਡ ਯੂਨੀਅਨ ਕੌਂਸਲ, ਆੜਤੀਆਂ ਐਸੋਸੀਏਸ਼ਨ, ਕਿਸਾਨ ਯੂਨੀਅਨਾਂ ਪੈਸਟੀਸਾਈਡ ਯੂਨੀਅਨ ਸਮੇਤ ਸ਼ਹਿਰ ਦੀਆਂ ਹੋਰ ਜਥੇਬੰਦੀਆਂ ਅਤੇ ਸਮੁੱਚੇ ਸ਼ਹਿਰ ਵਾਸੀਆਂ ਵਲੋਂ ਮੌੜ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਨੂੰ ਅੱਜ ਪੂਰਨ ਸਮਰਥਨ ਮਿਲਿਆ ਹੈ। ਟਰੇਡ ਯੂਨੀਅਨ ਕੌਂਸਲ ਦੇ ਪ੍ਰਧਾਨ ਗੁਰਮੇਲ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੌੜ ਸ਼ਹਿਰ ਅੰਦਰ ਸੀਵਰੇਜ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ ਅਤੇ ਓਵਰਫਲੋਅ ਕਾਰਨ ਸ਼ਹਿਰ ਦੀ ਹਰ ਗਲੀ ਵਿਚ ਸੜਿਆਂਦ ਮਾਰਦਾ ਪਾਣੀ ਫਿਰ ਰਿਹਾ ਹੈ। ਭਾਵੇਂ ਕਿ ਸ਼ਹਿਰ ਵਾਸੀਆਂ ਵਲੋਂ ਲੰਘੀਆਂ ਲੋਕ ਸਭਾ ਚੋਣਾਂ ਵੇਲੇ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਮੁੱਖ ਮੰਤਰੀ ਦੀ ਰੈਲ਼ੀ ਦਾ ਵਿਰੋਧ ਵੀ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਜਲਦੀ ਹੀ ਇਸ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ ਸੀ ਪਰ ਅਜੇ ਤੱਕ ਇਸ ਭਰੋਸੇ ’ਤੇ ਕੋਈ ਅਮਲ ਨਹੀਂ ਹੋਇਆ, ਜਿਸ ਦੇ ਵਿਰੋਧ ਵਿਚ ਅੱਜ ਸ਼ਹਿਰ ਬੰਦ ਦਾ ਸੱਦਾ ਦਿੱਤਾ ਗਿਆ ਹੈ।