ਜੈਤੋ (ਫਰੀਦਕੋਟ), 30 ਜਨਵਰੀ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਲੰਘੀ ਰਾਤ ਨੂੰ ਅਣਪਛਾਤੇ ਨੌਜਵਾਨ ਦੀ ਰੇਲ ਗੱਡੀ ਹੇਠਾਂ ਆਉਣ ਕਰਕੇ ਮੌਤ ਹੋਣ ਦਾ ਪਤਾ ਲੱਗਾ ਹੈ। ਰੇਲਵੇ ਪੁਲਿਸ ਚੌਕੀ ਜੈਤੋ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਲੰਘੀ ਰਾਤ (ਕਰੀਬ 11 ਵਜੇ) ਨੂੰ ਫਿਰੋਜ਼ਪੁਰ ਤੋਂ ਜੈਤੋ-ਬਠਿੰਡਾ ਜਾ ਰਹੀ ਪੰਜਾਬ ਮੇਲ ਦੇ ਡਰਾਈਵਰ ਨੇ ਸਟੇਸ਼ਨ ਮਾਸਟਰ ਨੂੰ ਸੂਚਨਾ ਦਿੱਤੀ ਕਿ ਜੈਤੋ-ਕੋਟਕਪੂਰਾ-ਫਿਰੋਜ਼ਪੁਰ ਰੇਲਵੇ ਮਾਰਗ ’ਤੇ ਸਥਿਤ ਜੈਤੋ ਰਜਬਾਹੇ ਦੇ ਪੁਲ ਨਜ਼ਦੀਕ ਨੌਜਵਾਨ ਦੀ ਲਾਸ਼ ਪਈ ਹੈ। ਚੌਕੀ ਇੰਚਾਰਜ ਗੁਰਮੀਤ ਸਿੰਘ ਮੁਤਾਬਕ ਉਕਤ ਅਣਪਛਾਤੇ ਨੌਜਵਾਨ ਦੀ ਮੌਤ ਕਿਸ ਗੱਡੀ ਹੇਠਾਂ ਆ ਕੇ ਹੋਈ, ਦਾ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ 72 ਘੰਟਿਆਂ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਸ਼ਨਾਖ਼ਤ ਲਈ ਰੱਖ ਦਿੱਤਾ ਹੈ।